Punjab

ਵਿਜੀਲੈਂਸ ਨੂੰ ਮਿਲਿਆ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਦੋ ਦਿਨ ਦਾ ਰਿਮਾਂਡ

ਬਠਿੰਡਾ : ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਵਿੱਚ ਮੁਅੱਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਅਮਨਦੀਪ ਕੌਰ ਨੂੰ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਵਿਜੀਲੈਂਸ ਵੱਲੋਂ 4 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਮੁਲਜ਼ਮ ਅਮਨਦੀਪ ਕੌਰ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।

ਉੱਥੇ ਹੀ ਮਨਦੀਪ ਕੌਰ ਵਿਰੁੱਧ ਕਾਰਵਾਈ ਕਰਦਿਆਂ ਉਸ ਦੀ 1.35 ਕਰੋੜ ਰੁਪਏ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਫ੍ਰੀਜ਼ ਕਰ ਲਈ ਹੈ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਐਫ਼ਆਈਆਰ ਨੰਬਰ 65 ਦੇ ਤਹਿਤ ਕੀਤੀ ਗਈ ਹੈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21ਬੀ, 61 ਅਤੇ 85 ਦੇ ਤਹਿਤ ਦਰਜ ਹੈ।

ਪੁਲਿਸ ਨੇ ਉਸ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ ਗਿਆ ਹੈ। ਇਸ ਦੇ ਨਾਲ ਹੀ ਇਕ ਪਲਾਟ, ਇਕ ਥਾਰ ਗੱਡੀ, ਇਕ ਬੁਲੇਟ ਅਤੇ ਕੁਝ ਮੋਬਾਇਲ ਵੀ ਅਟੈਚ ਕੀਤੇ ਗਏ ਹਨ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਡੀ.ਐਸ.ਪੀ. ਹਰਬੰਸ ਸਿੰਘ ਨੇ ਦੱਸਿਆ ਕਿ ਹੁਕਮਾਂ ਅਨੁਸਾਰ ਅਮਨਦੀਪ ਕੌਰ ਦੀ ਬਠਿੰਡਾ ਦੀ ਵਿਰਾਟ ਗਰੀਨ ਕਲੋਨੀ ਵਿਚ ਬਣੀ 99 ਲੱਖ ਰੁਪਏ ਦੀ ਕੋਠੀ ਨੂੰ ਫ੍ਰੀਜ਼ ਕਰ ਲਿਆ ਹੈ, ਜਿਸ ਤਹਿਤ ਕੋਠੀ ਉਪਰ ਫ਼ਰੀਜ ਦਾ ਨੋਟਿਸ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਸ ਦੀ ਥਾਰ ਗੱਡੀ ਸਮੇਤ ਬਾਕੀ ਸੰਬੰਧਿਤ ਜਾਇਦਾਦ ਨੂੰ ਫ੍ਰੀਜ਼ ਕੀਤਾ ਜਾਵੇਗਾ।

ਇਹ ਸਾਰਾ ਮਾਮਲਾ

ਜਿਕਰਯੋਗ ਹੈ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਗਾਣਿਆਂ ‘ਤੇ ਲਗਾਤਾਰ ਰੀਲਾਂ ਪਾਉਣ ਕਾਰਨ ‘insta queen’ ਵਜੋਂ ਜਾਣੇ ਜਾਂਦੀ ਬਰਖਾਸਤ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਨੂੰ 2 ਅਪ੍ਰੈਲ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਬਠਿੰਡਾ ਪੁਲਿਸ ਨੇ ਬਾਦਲ ਰੋਡ ‘ਤੇ ਗ੍ਰਿਫਤਾਰ ਕੀਤਾ, ਜਦੋਂ ਉਹ ਆਪਣੀ ਥਾਰ ਗੱਡੀ ਵਿੱਚ ਹੈਰੋਇਨ ਸਪਲਾਈ ਕਰਨ ਜਾ ਰਹੀ ਸੀ। ਪੁਲਿਸ ਨੇ ਗੱਡੀ ਦੇ ਗੀਅਰ ਬਾਕਸ ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐਫਆਈਆਰ ਮੁਤਾਬਕ, ਅਮਨਦੀਪ ਨੇ ਚੈੱਕਪੋਸਟ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ। ਅਮਨਦੀਪ, ਜੋ ਇੰਸਟਾਗ੍ਰਾਮ ‘ਤੇ ਰੀਲਾਂ ਪੋਸਟ ਕਰਨ ਦੀ ਸ਼ੌਕੀਨ ਸੀ, ਹੁਣ ਵਿਜੀਲੈਂਸ ਦੀ ਜਾਂਚ ਦਾ ਸਾਹਮਣਾ ਕਰੇਗੀ।