Punjab

ਸਿੱਧੂ ਮੂਸੇਵਾਲਾ ਕਤਲ ਕੇਸ ਦੇ ਗਵਾਹ ਦੀ ਮੌਤ

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਗਵਾਹ ਸੇਵਾ ਮੁਕਤ ਐਸ ਐਚ ਓ ਇੰਸਪੈਕਟਰ ਅੰਗਰੇਜ਼ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਪਿਛਲੇ ਦਿਨੀਂ ਉਹ ਅਦਾਲਤ ਵਿਚ ਗਵਾਹੀ ਵਾਸਤੇ ਪੇਸ਼ ਨਹੀਂ ਹੋ ਸਕੇ ਸਨ ਤਾਂ ਅਦਾਲਤ ਨੇ ਉਹਨਾਂ ਨੂੰ 4 ਜੁਲਾਈ ਨੂੰ ਪੇਸ਼ ਹੋਣ ਵਾਸਤੇ ਆਖਿਆ ਸੀ। ਉਹਨਾਂ ਦੇ ਦਿਹਾਂਤ ਨਾਲ ਕੇਸ ਨੂੰ ਵੱਡਾ ਝਟਕਾ ਲੱਗਾ ਹੈ।

ਬੀਤੇ ਦਿਨ ਵੀ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਪੇਸ਼ੀ ਸੀ ਅਤੇ ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਜਾਂਚ ਅਧਿਕਾਰੀ ਤਤਕਾਲੀ ਇੰਚਾਰਜ ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਦੀ ਪੇਸ਼ੀ ਸੀ। ਪੇਸ਼ੀ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਸਿਹਤ ਠੀਕ ਨਾ ਹੋਣ ਦੇ ਚੱਲਦਿਆਂ ਉਹ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ ਅਤੇ ਅੰਗਰੇਜ਼ ਸਿੰਘ ਬਿਮਾਰੀ ਦੇ ਚੱਲਦਿਆਂ ਉਹ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ। ਇਸ ਦੇ ਚੱਲਦਿਆਂ ਮਾਨਸਾ ਦੀ ਮਾਨਯੋਗ ਅਦਾਲਤ ਵੱਲੋਂ ਇਨ੍ਹਾਂ ਨੂੰ 4 ਜੁਲਾਈ 2025 ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਹੋਣ ਲਈ ਆਦੇਸ਼ ਜਾਰੀ ਕੀਤੇ ਹਨ।

ਦੱਸ ਦਈਏ ਕਿ ਅੰਗਰੇਜ਼ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਬੇਟਾ ਛੱਡ ਗਏ ਹਨ ਅਤੇ ਬੇਟਾ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ। ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਗਵਾਹ ਪੁਲਿਸ ਅਫਸਰ ਦੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਨਵੈਸਟੀਗੇਸ਼ਨ ਅਫ਼ਸਰ ਦੇ ਤੌਰ ਉੱਤੇ ਜਾਂਚ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਪੰਜਾਬ-ਐਕਟਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਜਵਾਹਰਕੇ, ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਆਪਣੇ ਦੋਸਤਾਂ ਨਾਲ ਆਪਣੀ ਥਾਰ ਅੰਦਰ ਮੌਜੂਦ ਸੀ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ, ਜੋ ਕਿ ਲਾਰੈਂਸ ਬਿਸ਼ਨੋਈ ਦੀ ਗੈਂਗ ਨਾਲ ਸਬੰਧਤ ਹੈ, ਨੇ ਲਈ ਸੀ।