India International

ਭਾਰਤ-ਪਾਕਿਸਤਾਨ ਸੀਜ਼ਫਾਇਰ ‘ਤੇ ਬੋਲੇ ਟਰੰਪ, ਅਸੀਂ ਪ੍ਰਮਾਣੂ ਯੁੱਧ ਰੋਕਿਆ, ਮੈਨੂੰ ਮਾਣ ਹੈ…

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਕਾਰ ਹਾਲ ਹੀ ਦੀ ਜੰਗਬੰਦੀ ਨੂੰ ਆਪਣੀ ਕੂਟਨੀਤਕ ਜਿੱਤ ਦੱਸਿਆ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਵਿਚੋਲਗੀ ਨਾਲ ਦੋਵਾਂ ਦੇਸ਼ਾਂ ਵਿਚਕਾਰ ਸੰਭਾਵੀ ਪ੍ਰਮਕੁ ਯੁੱਧ ਟਲਿਆ। ਉਨ੍ਹਾਂ ਨੇ ਕਿਹਾ ਕਿ ਉਹ ਇਸ ਨੂੰ ਰੋਕਣ ਲਈ ਮਾਣ ਮਹਿਸੂਸ ਕਰਦੇ ਹਨ ਅਤੇ ਹੁਣ ਦੋਵਾਂ ਦੇਸ਼ਾਂ ਨਾਲ ਵਪਾਰ ਵਧਾਉਣ ਦੀ ਯੋਜਨਾ ਹੈ।

ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇ ਜੰਗ ਜਾਰੀ ਰਹੀ ਤਾਂ ਉਹ ਦੋਵਾਂ ਨਾਲ ਵਪਾਰ ਖਤਮ ਕਰ ਦੇਣਗੇ। ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਕਿਹਾ, “ਸਨਿਚਰਵਾਰ ਨੂੰ ਮੇਰੇ ਪ੍ਰਸ਼ਾਸਨ ਨੇ ਸਥਾਈ ਜੰਗਬੰਦੀ ਵਿੱਚ ਮਦਦ ਕੀਤੀ, ਜਿਸ ਨਾਲ ਪ੍ਰਮਕੁ ਹਥਿਆਰਾਂ ਨਾਲ ਲੈਸ ਦੋ ਦੇਸ਼ਾਂ ਦਾ ਸੰਘਰਸ਼ ਖਤਮ ਹੋਇਆ।” ਟਰੰਪ ਮੁਤਾਬਕ, ਟਕਰਾਅ ਰੁਕਣ ਵਾਲਾ ਨਹੀਂ ਸੀ ਲੱਗਦਾ, ਪਰ ਉਨ੍ਹਾਂ ਦੀ ਦਖਲਅੰਦਾਜ਼ੀ ਨੇ ਸਫਲਤਾ ਦਿੱਤੀ।

ਉਨ੍ਹਾਂ ਨੇ ਕਿਹਾ, “ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਸ਼ਕਤੀਸ਼ਾਲੀ ਸੀ। ਅਸੀਂ ਮਦਦ ਕੀਤੀ ਅਤੇ ਵਪਾਰ ਵਿੱਚ ਵੀ ਸਹਾਇਤਾ ਕੀਤੀ। ਮੈਂ ਕਿਹਾ, ‘ਜੇ ਤੁਸੀਂ ਜੰਗ ਰੋਕਦੇ ਹੋ, ਅਸੀਂ ਵਪਾਰ ਕਰਾਂਗੇ, ਨਹੀਂ ਤਾਂ ਕੋਈ ਵਪਾਰ ਨਹੀਂ।'” ਟਰੰਪ ਨੇ ਵਪਾਰ ਨੂੰ ਸੰਘਰਸ਼ ਰੋਕਣ ਦੇ ਸਾਧਨ ਵਜੋਂ ਵਰਤਣ ਦਾ ਦਾਅਵਾ ਕੀਤਾ।

ਦੂਜੇ ਪਾਸੇ, ਨਵੀਂ ਦਿੱਲੀ ਦੇ ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਕਿ ਇਹ ਜੰਗਬੰਦੀ ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲ (DGMO) ਵਿਚਕਾਰ ਸਿੱਧੀ ਗੱਲਬਾਤ ਨਾਲ ਹੋਈ, ਅਤੇ ਇਸ ਵਿੱਚ ਕਿਸੇ ਤੀਜੀ ਧਿਰ ਦੀ ਸ਼ਮੂਲੀਅਤ ਨਹੀਂ ਸੀ।