Khetibadi Punjab

ਅੱਗ ਲੱਗਣ ਕਾਰਨ 25 ਏਕੜ ਕਣਕ ਤੇ 50 ਏਕੜ ਫ਼ਸਲ ਸੜ ਕੇ ਸੁਆਹ

ਬੀਤੇ ਦਿਨ ਦੁਪਹਿਰ ਲਗਭਗ 2 ਵਜੇ ਫਿਲੌਰ ਨੇੜੇ ਪਿੰਡ ਭਾਰਸਿੰਘਪੁਰਾ ਵਿਖੇ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਇਆ। ਇਸ ਘਟਨਾ ਵਿੱਚ ਲਗਭਗ 25 ਖੇਤਾਂ ਦੀ ਖੜ੍ਹੀ ਕਣਕ ਅਤੇ 50 ਖੇਤਾਂ ਦਾ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਨੇ ਨੇੜਲੇ ਪਿੰਡ ਸੁਲਤਾਨਪੁਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸਥਾਨਕ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ 2 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਨਹੀਂ ਤਾਂ ਨੁਕਸਾਨ ਹੋਰ ਵੱਡਾ ਹੋ ਸਕਦਾ ਸੀ।

ਕਿਸਾਨ ਸੰਦੀਪ ਸਿੰਘ ਅਤੇ ਸਤਿੰਦਰ ਸਿੰਘ ਨੇ ਦੱਸਿਆ ਕਿ ਕੰਬਾਈਨ ਨਾਲ ਕਣਕ ਦੀ ਕਟਾਈ ਦੌਰਾਨ ਡਰਾਈਵਰ ਨੇ ਕੰਬਾਈਨ ਨੂੰ ਪਿੱਛੇ ਮੋੜਿਆ, ਜਿਸ ਨਾਲ ਇਹ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਬਿਜਲੀ ਦੀਆਂ ਤਾਰਾਂ ਵਿੱਚੋਂ ਨਿਕਲੀ ਚੰਗਿਆੜੀ ਨੇ ਅੱਗ ਲਗਾ ਦਿੱਤੀ, ਜੋ ਤੇਜ਼ ਹਵਾ ਕਾਰਨ ਵਿਕਰਾਲ ਰੂਪ ਧਾਰਨ ਕਰ ਗਈ। ਸੰਦੀਪ ਸਿੰਘ ਦੇ 8 ਖੇਤ, ਸਤਿੰਦਰ ਸਿੰਘ ਦੇ 7 ਖੇਤ, ਸੁਲਤਾਨਪੁਰ ਦੇ ਕਿਸਾਨ ਰਛਪਾਲ ਸਿੰਘ ਦੇ 2 ਖੇਤ, ਸ਼ਿੰਦਰ ਦੇ 2 ਖੇਤ, ਜਗਤਾਰ ਸਿੰਘ ਦੇ 3 ਖੇਤ ਅਤੇ ਹੋਰ 2 ਕਿਸਾਨਾਂ ਦੀ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ। ਇਸ ਦੇ ਨਾਲ ਹੀ 50 ਖੇਤਾਂ ਦਾ ਨਾੜ ਵੀ ਸੜ ਗਿਆ।
ਇਲਾਕਾ ਵਾਸੀਆਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ ਨੂੰ ਫੈਲਣ ਤੋਂ ਰੋਕਣ ਲਈ ਪੱਕੀ ਫਸਲ ਨੂੰ ਵਾਹਿਆ ਅਤੇ ਅੱਗ ’ਤੇ ਕਾਬੂ ਪਾਇਆ। ਜੇ ਸਮੇਂ ਸਿਰ ਅੱਗ ਨੂੰ ਨਾ ਰੋਕਿਆ ਜਾਂਦਾ, ਤਾਂ ਇਹ ਨੇੜਲੇ ਪਿੰਡ ਰਾਏਪੁਰ ਅਰਾਈਆਂ ਤੱਕ ਪਹੁੰਚ ਸਕਦੀ ਸੀ, ਜਿਸ ਨਾਲ ਹੋਰ ਨੁਕਸਾਨ ਹੋ ਸਕਦਾ ਸੀ। ਫਗਵਾੜਾ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚੀਆਂ, ਪਰ ਉਦੋਂ ਤੱਕ ਅੱਗ ’ਤੇ ਲਗਭਗ ਕਾਬੂ ਪਾ ਲਿਆ ਗਿਆ ਸੀ। ਪੁਲਸ ਚੌਕੀ ਲਸਾੜਾ ਅਤੇ ਅੱਪਰਾ ਤੋਂ ਪੁਲਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚੇ।

ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਕਰਜ਼ੇ ਦੀ ਮਾਰ ਕਾਰਨ ਉਹ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦੇ ਕੇ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ।