Punjab

ਕਿਸਾਨੀ ਅੰਦੋਲਨ ‘ਚ ਇੱਕ ਹੋਰ ਕਿਸਾਨ ਦੀ ਗਈ ਜਾਨ, ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਆ ਰਹੇ ਸੀ ਵਾਪਸ

‘ਦ ਖ਼ਾਲਸ ਬਿਊਰੋ :- ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੋਕ ਕਿਸਾਨਾਂ ਦੇ ਅੰਦੋਲਨ ਨਾਲ ਜੁੜਦੇ ਜਾ ਰਹੇ ਹਨ। ਅਜਿਹੇ ਵਿੱਚ ਬਹੁਤ ਦੁਖਦਾਈ ਖਬਰਾਂ ਵੀ ਆ ਰਹੀਆਂ ਹਨ।

ਦਿੱਲੀ ਅੰਦੋਲਨ ਤੋਂ ਵਾਪਸ ਪਰਤ ਰਹੇ  ਕਿਸਾਨ ਬਲਬੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਕਿਸਾਨਾਂ ਨੇ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਧਰਨੇ ਵਿੱਚ ਰੱਖਿਆ।  ਮ੍ਰਿਤਕ ਕਿਸਾਨ ਬਲਬੀਰ ਸਿੰਘ ਰਾਜਾਸਾਂਸੀ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਬਲਬੀਰ ਸਿੰਘ ਟਰੱਕ ਵਿੱਚ ਬੈਠ ਕੇ ਘਰ ਪਰਤ ਰਿਹਾ ਸੀ ਅਤੇ 15 ਜਨਵਰੀ ਨੂੰ ਕਿਸਾਨ ਦੇ ਲੜਕੇ ਦਾ ਵਿਆਹ ਹੋਣਾ ਸੀ। ਉਹ ਘਰ ਵਿਆਹ ਦੀਆਂ ਤਿਆਰੀਆਂ ਲਈ ਆ ਰਿਹਾ ਸੀ। ਜਿਵੇਂ ਹੀ ਉਹ ਟਾਂਗਰਾ ਨੇੜੇ ਟਰੱਕ ਤੋਂ ਹੇਠਾਂ ਉੱਤਰਿਆ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹੁਣ ਕਿਸਾਨ ਜਥੇਬੰਦੀਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕਰ ਰਹੀਆਂ ਹਨ।

ਉਸ ਦੀ ਲਾਸ਼ ਨੂੰ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਰੱਖਿਆ ਗਿਆ ਹੈ। ਸਰਕਾਰ ਨੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਹੁਣ ਉਸ ਦੇ ਪਿੰਡ ਲਿਜਾਇਆ ਜਾਵੇਗਾ।