‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਅਜ਼ਰਬਾਈਜਾਨ ਵਿੱਚ ਤੁਰਕੀ ਦੇ ਰਾਸ਼ਟਰਪਤੀ ਰੀਚੈਪ ਤੈਅਬ ਅਰਦੋਆਨ ਦੀ ਟਿੱਪਣੀ ਨੂੰ ਲੈ ਕੇ ਤੁਰਕੀ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਅਰਦੋਆਨ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਗਏ ਸਨ। ਪਿਛਲੇ ਮਹੀਨੇ ਖਤਮ ਹੋਏ ਯੁੱਧ ਵਿੱਚ ਅਜ਼ਰਬਾਈਜਾਨ ਦੀ ਆਰਮੀਨੀਆ ‘ਤੇ ਜਿੱਤ ਤੋਂ ਬਾਅਦ ਅਰਦੋਆਨ ਅਜ਼ਰਬਾਈਜਾਨ ਸੈਨਾ ਦੀ ਜੇਤੂ ਪਰੇਡ ਵੇਖਣ ਗਏ ਸੀ।
ਅਰਦੋਆਨ ਨੇ ਇਸ ਮੌਕੇ ਅਜ਼ਾਰੀ-ਇਰਾਨੀ ਕਵਿਤਾ ਪੜੀ, ਜੋ 19ਵੀਂ ਸਦੀ ਵਿੱਚ ਰੂਸ ਅਤੇ ਇਰਾਨ ਦੇ ਵਿਚਕਾਰ ਅਜ਼ਰਬਾਈਜਾਨ ਦੀ ਵੰਡ ਬਾਰੇ ਸੀ। ਉਸੇ ਨੂੰ ਲੈ ਕੇ ਇਰਾਨ ਨੂੰ ਚਿੰਤਾ ਹੈ ਕਿ ਇਸ ਕਵਿਤਾ ਦੇ ਨਾਲ ਇਰਾਨ ਵਿੱਚ ਅਜ਼ਾਰੀ ਘੱਟ ਗਿਣਤੀਆਂ ਵਿੱਚ ਵੱਖਵਾਦ ਦੀ ਭਾਵਨਾ ਭੜਕ ਸਕਦੀ ਹੈ।
ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਵੈਬਸਾਈਟ ‘ਤੇ ਲਿਖਿਆ ਕਿ “ ਤੁਰਕੀ ਦੇ ਰਾਜਦੂਤ ਨੂੰ ਦੱਸ ਦਿੱਤਾ ਗਿਆ ਹੈ ਕਿ ਦੂਸਰਿਆਂ ਦੀਆਂ ਜ਼ਮੀਨਾਂ ‘ਤੇ ਦਾਅਵਾ ਕਰਨਾ ਅਤੇ ਵਿਸਥਾਰਵਾਦੀ ਦੇਸ਼ਾਂ ਦਾ ਦੌਰ ਜਾ ਚੁੱਕਿਆ ਹੈ। ਇਰਾਨ ਕਿਸੇ ਨੂੰ ਵੀ ਆਪਣੀ ਅਖੰਡਤਾ ਵਿੱਚ ਦਖਲ ਦੇਣ ਦੀ ਇਜਾਜ਼ਤ ਨਹੀਂ ਦਿੰਦਾ।”
ਵਿਦੇਸ਼ ਮੰਤਰੀ ਜਵਾਦ ਜ਼ਰੀਫ ਨੇ ਵੀ ਟਵੀਟ ਕਰਦਿਆਂ ਕਿਹਾ ਕਿ, “ ਰਾਸ਼ਟਰਪਤੀ ਅਰਦੋਆਨ ਨੂੰ ਨਹੀਂ ਪਤਾ ਕਿ ਜੋ ਉਨ੍ਹਾਂ ਨੇ ਬਾਕੂ ਵਿੱਚ ਗਲਤ ਤਰੀਕੇ ਨਾਲ ਪੜਿਆ ਹੈ, ਉਸਦਾ ਮਤਲਬ ਇਰਾਨ ਦੀ ਮਾਤ-ਭੂਮੀ ਨਾਲੋਂ ਉਸਦੇ ਇਲਾਕਿਆਂ ਨੂੰ ਜ਼ਬਰਦਸਤੀ ਅਲੱਗ ਕਰਨਾ ਹੈ। ”
ਜ਼ਰੀਫ ਦਾ ਇਸ਼ਾਰਾ ਇਰਾਨ ਵਿੱਚ ਅਜ਼ਾਰੀ ਲੋਕਾਂ ਦੇ ਖੇਤਰ ਵੱਲ ਸੀ। ਜ਼ਰੀਫ ਨੇ ਕਿਹਾ, “ਕੋਈ ਸਾਡੇ ਪਿਆਰੇ ਅਜ਼ਰਬਾਈਜਾਨ ਦੇ ਬਾਰੇ ਕੁੱਝ ਨਹੀਂ ਬੋਲ ਸਕਦਾ। ” ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਤੁਰਕੀ ਦੇ ਰਾਜਦੂਤ ਨੂੰ ਅਰਦੋਆਨ ਦੇ ਦਖਲ ਦੇਣ ਵਾਲੀ ਅਤੇ ਅਸਵੀਕਾਰਨਯੋਗ ਟਿੱਪਣੀ ਨੂੰ ਲੈ ਕੇ ਤਲਬ ਕੀਤਾ ਗਿਆ ਹੈ ਅਤੇ ਤੁਰੰਤ ਸਪੱਸ਼ਟੀਕਰਨ ਦੇਣ ਨੂੰ ਕਿਹਾ ਹੈ।