India

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਇੱਕ ਲੱਖ ਤੋਂ ਵੱਧ ਜੱਥਾ ਦਿੱਲੀ ਨੂੰ ਹੋਇਆ ਰਵਾਨਾ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ 12 ਦਸੰਬਰ ਨੂੰ ਪੰਜਾਬ ਭਰ ‘ਚੋਂ ਦਿੱਲੀ ਵੱਲ ਨੂੰ ਕਿਸਾਨਾਂ ਦਾ ਵੱਡਾ ਕਾਫਲਾ ਚੱਲਿਆ ਹੈ। ਜਿਸ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੱਥੇ ਬਾਰੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸਾਡੇ ਅੰਦਾਜੇ ਤੋਂ ਕਿਤੇ ਵੱਧ ਕਿਸਾਨਾਂ ਮਜ਼ਦੂਰਾਂ ਨੇ ਇਸ ਜੱਥੇ ਵਿੱਚ ਸ਼ਾਮਲ ਹੋਣ ਲਈ ਉਤਸ਼ਾਹ ਵਿਖਾਇਆ ਹੈ, ਉਨ੍ਹਾਂ ਕਿਹਾ ਕਿ ਜਥੇ ਦੀ ਗਿਣਤੀ ਨੂੰ ਇਸ ਸਮੇਂ ਦੱਸਣਾ ਮੁਸ਼ਕਿਲ ਹੋਇਆ ਪਿਆ ਹੈ।

ਸ਼ਾਹਬਾਦ ਵਿਖੇ ਗੁਰਦੁਆਰਾ ਡੇਰਾ ਬਾਬਾ ਦਲੇਰ ਸਿੰਘ ਵਿਖੇ ਕਾਫਲਾ 6-7 ਘੰਟਿਆ ਤੱਕ ਪਹੁੰਚਿਆ ਅਤੇ ਇਹ ਜੱਥਾ ਮੀਲਾਂ ਦੇ ਹਿਸਾਬ ਨਾਲ ਜੀ.ਟੀ. ਰੋਡ ਉੱਤੇ ਖਿਲਰਿਆ ਹੋਇਆ ਸੀ, ਇਸ ਕਾਫਲੇ ਦੇ 70 ਫੀਸਦੀ ਹਿੱਸੇ ਨੂੰ ਬੜੀ ਮੁਸ਼ਕਿਲ ਨਾਲ ਇਕੱਠੇ ਕੀਤਾ ਗਿਆ, ਅੱਜ ਸਵੇਰੇ ਇਸ ਕਾਫਲੇ ਨੂੰ ਸ਼ਾਹਬਾਦ ਤੋਂ ਦਿੱਲੀ ਦੇ ਕੁੰਡਲੀ ਬਾਰਡਰ ਲਈ ਰਵਾਨਾ ਕੀਤਾ ਗਿਆ। ਇਹ ਕਾਫਲਾ ਤਕਰੀਬਨ 30 ਕਿਲੋਮੀਟਰ ਲੰਮਾ ਬਣ ਗਿਆ।

ਲੀਡਰਾਂ ਨੇ ਕਿਹਾ ਕਿ ਲੋਕ ਮੋਦੀ ਹਕੂਮਤ ਦੇ ਸਾਰੇ ਭਰਮ ਦੂਰ ਕਰ ਦੇਣਗੇ। ਸਰਕਾਰ ਵੱਲੋਂ ਸੰਘਰਸ਼ ਨੂੰ ਬਦਨਾਮ ਕਰਨ ਦੇ ਕੋਝੇ ਹੱਥਕੰਡਿਆਂ ਦੇ ਬਾਵਜੂਦ ਲੋਕ-ਕਾਫਲਿਆਂ ਦੀ ਗਿਣਤੀ ਘਟੇਗੀ ਨਹੀਂ। ਦਿੱਲੀ ਦੇ ਕੁੰਡਲੀ ਬਾਰਡਰ ਉੱਤੇ ਧਰਨਾ ਲਗਾਤਾਰ ਜਾਰੀ ਹੈ। ਦਿੱਲੀ ਮੋਰਚੇ ਦੀ ਅਗਵਾਈ ਕਰ ਰਹੇ ਆਗੂਆਂ, ਜਸਬੀਰ ਸਿੰਘ ਪਿੱਦੀ ਅਤੇ ਸੁਖਵਿੰਦਰ ਸਿੰਘ ਸਭਰਾ ਨੇ ਆਖਿਆ ਕਿ ਲੋਕਾਂ ਦੀ ਤਾਕਤ ਕੇਂਦਰ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗੀ। ਕੇਂਦਰ ਦੀ ਹਰ ਚਾਲ ਨੂੰ ਫੇਲ੍ਹ ਕਰਦੇ ਹੋਏ ਜੰਡਿਆਲਾ ਗੁਰੂ ਵਿਖੇ ਲਗਾਇਆ ਗਿਆ, ਮੋਰਚਾ 80ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਇਸ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਲੀਡਰ ਨੇ ਕਿਹਾ ਹੈ ਕਿ ਇਹ ਮੋਰਚਾ ਓਨੀ ਦੇਰ ਤੱਕ ਚੱਲਦਾ ਰਹੇਗਾ, ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਅਗਲਾ ਜੱਥਾ ਗੁਰਦਾਸਪੁਰ ਜ਼ਿਲ੍ਹੇ ਤੋਂ 25 ਹਜਾਰ ਦੀ ਗਿਣਤੀ ਵਿੱਚ 25 ਦਸੰਬਰ ਨੂੰ ਦਿੱਲੀ ਵੱਲ ਕੂਚ ਕਰੇਗਾ।

ਇਸ ਮੌਕੇ ਉੱਤੇ ਰਣਜੀਤ ਸਿੰਘ ਕਲੇਰਬਾਲਾ, ਬਾਜ਼ ਸਿੰਘ ਸਾਰੰਗੜਾ, ਸਲਵਿੰਦਰ ਸਿੰਘ ਜਾਣੀਆਂ, ਧਰਮ ਸਿੱਘ ਸਿੱਧੂ, ਨਰਿੰਦਰ ਸਿੰਘ ਗੁਰਦੇਵ ਸਿੰਘ ਮੋਗਾ, ਸੁਖਦੇਵ ਸਿੰਘ ਮੋਗਾ, ਰਣਬੀਰ ਸਿੰਘ ਰਾਣਾ ਅਤੇ ਦਿਆਲ ਸਿੰਘ ਮੀਆਂਵਿੰਡ ਆਦਿ ਆਗੂ ਹਾਜ਼ਰ ਸਨ।