Punjab

ਅਸੀਂ 100 ਰੁਪਏ ਦਾ ਕੀ ਕਰਨਾ,ਸਾਡੇ ਕੋਲ ਬਥੇਰੀਆਂ ਜਾਇਦਾਦਾਂ, ਬਠਿੰਡਾ ਦੀ ਦਾਦੀ ਮਹਿੰਦਰ ਕੌਰ ਦਾ ਕੰਗਣਾ ਨੂੰ ਕਰਾਰਾ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਸੰਘਰਸ਼ ਦਿਨੋ-ਦਿਨ ਭਖਦਾ ਜਾ ਰਿਹਾ ਹੈ। ਜਿੱਥੇ ਕਈ ਪੰਜਾਬੀ ਕਲਾਕਾਰਾਂ ਵੱਲੋਂ, ਵਿਦੇਸ਼ੀ ਮੰਤਰੀਆਂ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ, ਉੱਥੇ ਹੀ ਕਈ ਲੋਕ ਕਿਸਾਨਾਂ ਦੇ ਸੰਘਰਸ਼ ਬਾਰੇ ਗਲਤ ਟਿੱਪਣੀਆਂ ਕਰਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੇ ਨਾਲ ਜੁੜਿਆ ਹੋਇਆ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਕੰਗਣਾ ਰਣੌਤ ਨੇ ਕਿਸਾਨੀ ਸੰਘਰਸ਼ ਵਿੱਚ ਸ਼ਾਮਿਲ ਹੋਈ ਇੱਕ ਬੀਬੀ ਬਾਰੇ ਗਲਤ ਟਵੀਟ ਕੀਤਾ ਸੀ।

ਬਠਿੰਡਾ ਦੇ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਨੇ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੁੰਦਿਆਂ ਦੀ ਮਹਿੰਦਰ ਕੌਰ ਦੀ ਤਸਵੀਰ ’ਤੇ ਵਿਵਾਦਿਤ ਬਿਆਨ ਦੇਣ ‘ਤੇ ਪਰਚਾ ਦਰਜ ਕਰਵਾ ਦਿੱਤਾ ਹੈ। ਮਹਿੰਦਰ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਹਾਕਮ ਸਿੰਘ ਦੇ ਰਾਹੀਂ ਕੰਗਣਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਵਿੱਚ ਕੰਗਣਾ ਨੂੰ 7 ਦਿਨਾਂ ਦੇ ਅੰਦਰ ਮਹਿੰਦਰ ਕੌਰ ਤੋਂ ਮੁਆਫੀ ਮੰਗਣ ਦੀ ਹਦਾਇਤ ਦਿੱਤੀ ਗਈ ਹੈ।

ਕੰਗਣਾ ਰਣੌਤ ਨੇ 29 ਨਵੰਬਰ ਨੂੰ ਬਠਿੰਡਾ ਦੇ ਬਹਾਦੜਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਬੀਬੀ ਕਹਿ ਕੇ ਟਵੀਟ ਕੀਤਾ ਸੀ, ਜਿਸ ਨੂੰ ਕੰਗਣਾ ਨੇ ਬਾਅਦ ਵਿੱਚ ਡਿਲੀਟ ਕਰ ਦਿੱਤਾ ਸੀ। ਇਸ ਟਵੀਟ ਵਿੱਚ ਕੰਗਣਾ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੁੰਦਿਆਂ ਦੀ ਮਹਿੰਦਰ ਕੌਰ ਦੀ ਤਸਵੀਰ ’ਤੇ ਲਿਖਿਆ ਸੀ ਕਿ ਸ਼ਾਹੀਨ ਬਾਗ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵਾਲੀ ਦਾਦੀ 100 ਰੁਪਏ ਦਿਹਾੜੀ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਹੈ।

ਮਹਿੰਦਰ ਕੌਰ ਦੇ ਵਕੀਲ ਹਾਕਮ ਸਿੰਘ ਨੇ ਕੰਗਣਾ ਰਣੌਤ ਨੂੰ ਦੱਸਦਿਆਂ ਕਿਹਾ ਕਿ ਮਹਿੰਦਰ ਕੌਰ ਕਿਸਾਨ ਲਾਭ ਸਿੰਘ ਨੰਬਰਦਾਰ ਦੀ ਪਤਨੀ ਹੈ ਅਤੇ ਉਹ ਕਿਸਾਨੀ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਉਹ ਆਪਣੇ ਖੇਤਾਂ ਦੇ ਵਿੱਚ ਕੰਮ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮਹਿੰਦਰ ਕੌਰ ਦੇ ਬਾਰੇ ਅਜਿਹੇ ਬਿਆਨ ਦੇ ਕੇ ਸਿਰਫ ਮਹਿੰਦਰ ਕੌਰ ‘ਤੇ ਨਹੀਂ ਬਲਕਿ ਉਨ੍ਹਾਂ ਸਾਰੀਆਂ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜੋ ਇਸ ਕਿਸਾਨੀ ਅੰਦੋਲਨ ਵਿੱਚ ਆਪਣੇ ਹੱਕਾਂ ਦੇ ਲਈ ਲੜਾਈ ਲੜ ਰਹੀਆਂ ਹਨ।