International

ਰਿਪੂਦਮਨ ਸਿੰਘ ਮਲਿਕ ਕਤਲ ਮਾਮਲੇ ‘ਚ ਦੋ ਦੋਸ਼ੀਆਂ ਵਿੱਚੋਂ ਇੱਕ ਨੂੰ ਉਮਰ ਕੈਦ

ਕੈਨੇਡਾ : 985 ਦੇ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ ਵਿੱਚ ਬਰੀ ਕੀਤੇ ਗਏ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਦੋਸ਼ ਵਿੱਚ ਦੋ ਦੋਸ਼ੀਆਂ ਵਿੱਚੋਂ ਇੱਕ ਨੂੰ ਬੀਸੀ ਦੀ ਅਦਾਲਤ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਟੈਨਰ ਫ਼ੌਕਸ ਅਤੇ ਹੋਜ਼ੇ ਲੋਪੇਜ਼ ਨੇ ਮਲਿਕ ਕਤਲਕਾਂਡ ਵਿਚ ਪਿਛਲੇ ਅਕਤੂਬਰ ਦੂਸਰੇ ਦਰਜੇ ਦੇ ਕਤਲ ਦੇ ਦੋਸ਼ ਕਬੂਲ ਲਏ ਸਨI ਟੈਨਰ ਫ਼ੌਕਸ ਨੂੰ ਅੱਜ ਬੀਸੀ ਦੀ ਸੁਪਰੀਮ ਕੋਰਟ ਦੇ ਜੱਜ ਟੈਰੈਂਸ ਸ਼ੂਲਟਸ ਨੇ ਨਿਊ ਵੈਸਟਮਿੰਸਟਰ ਦੇ ਕੋਰਟ ਰੂਮ ਵਿਚ ਸਜ਼ਾ ਸੁਣਾਈ।

ਅਦਾਲਤ ਵਿਚ ਮਾਹੌਲ ਬਹੁਤ ਭਾਵੁਕ ਰਿਹਾ। ਮਲਿਕ ਦੀ ਨੂੰਹ ਨੇ ਕੁਰਲਾਉਂਦਿਆਂ ਹੋਇਆਂ ਕਾਤਲ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਲੋਕਾਂ ਦੇ ਨਾਮ ਦੱਸੇ ਜਿਨ੍ਹਾਂ ਨੇ ਮਲਿਕ ਦਾ ਕਤਲ ਕਰਨ ਲਈ ਉਸਨੂੰ ਪੈਸੇ ਦਿੱਤੇ ਸਨ।

ਲੋਪੇਜ਼ 6 ਫ਼ਰਵਰੀ ਨੂੰ ਅਦਾਲਤ ਵਿਚ ਪੇਸ਼ ਹੋਵੇਗਾ

1985 ਦੇ ਏਅਰ ਇੰਡੀਆ ਬਲਾਸਟ ਮਾਮਲੇ ’ਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦਾ 14 ਜੁਲਾਈ 2022 ਨੂੰ ਸਰੀ, ਬੀਸੀ ਵਿਚ ਦਿਨ ਦਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਫੌਕਸ ਅਤੇ ਲੋਪੇਜ਼, ਜੋ ਕਿ ਕਤਲ ਦੇ ਸਮੇਂ ਆਪਣੇ 20ਵਿਆਂ ਵਿੱਚ ਸਨ, ਨੂੰ ਪਹਿਲਾਂ ਕਤਲ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਪਹਿਲੇ ਦਰਜੇ ਦੇ ਕਤਲ ਲਈ ਚਾਰਜ ਕੀਤਾ ਗਿਆ ਸੀ।

ਉਹ ਅਜੇ ਵੀ ਦੂਸਰੇ ਦਰਜੇ ਦੇ ਕਤਲ ਦੇ ਦੋਸ਼ਾਂ ਕਰਕੇ ਉਮਰ ਕੈਦ ਦਾ ਸਾਹਮਣਾ ਕਰ ਰਹੇ ਹਨ। ਸਰਕਾਰੀ ਵਕੀਲਾਂ ਅਤੇ ਬਚਾਅ ਪੱਖ ਦੇ ਵਕੀਲਾਂ ਨੇ ਸਾਂਝੇ ਤੌਰ ‘ਤੇ ਪ੍ਰਸਤਾਵ ਦਿੱਤਾ ਹੈ ਕਿ ਉਹ 20 ਸਾਲਾਂ ਲਈ ਪੈਰੋਲ ਲਈ ਯੋਗ ਨਹੀਂ ਹਨ।

ਪੈਸੇ ਲੈ ਕੇ ਕੀਤਾ ਕਤਲ

ਬੀਸੀ ਪ੍ਰੋਸੀਕਿਊਸ਼ਨ ਸਰਵਿਸ ਦੁਆਰਾ ਪ੍ਰਦਾਨ ਕੀਤੇ ਗਏ ਤੱਥਾਂ ਦੇ ਇੱਕ ਸਹਿਮਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਫੌਕਸ ਅਤੇ ਲੋਪੇਜ਼ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ ਸੀ, ਪਰ ਪੁਲਿਸ ਅਤੇ ਇਸਤਗਾਸਾ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਹਨਾਂ ਦਾ ਕੀ ਮੰਨਣਾ ਹੈ ਕਿ ਸਿੱਖ ਕਾਰੋਬਾਰੀ ਦੀ ਹੱਤਿਆ ਲਈ ਇਹਨਾਂ ਨੂੰ ਕਿਸ ਨੇ ਪੈਸੇ ਦਿੱਤੇ ਸਨ।

1985 ਦੌਰਾਨ ਏਅਰ ਇੰਡੀਆ ਬੰਬ ਧਮਾਕੇ ‘ਚ ਰਿਪੂਦਮਨ ਸਿੰਘ ਮਲਿਕ ਉੱਪਰ ਵੀ ਕੇਸ ਚੱਲਿਆ ਸੀ ਅਤੇ 2005 ਦੌਰਾਨ ਮਲਿਕ ਇਸ ਮਾਮਲੇ ‘ਚੋ ਬਰੀ ਹੋ ਗਏ ਸਨ I

ਏਅਰ ਇੰਡੀਆ ਬਲਾਸਟ ਵਿਚ 329 ਲੋਕ ਮਾਰੇ ਗਏ ਸਨ। 2005 ਵਿਚ ਕੈਨੇਡਾ ਸਰਕਾਰ ਦੀ ਰਿਪੋਰਟ ਵਿਚ ਪਾਇਆ ਗਿਆ ਸੀ ਕਿ ਇਹਨਾਂ ਧਮਾਕਿਆਂ ਨੂੰ ਖ਼ਾਲਿਸਤਾਨੀ ਵੱਖਵਾਦੀਆਂ ਨੇ ਅੰਜਾਮ ਦਿੱਤਾ ਸੀ। ਇਸ ਮਾਮਲੇ ’ਚ ਇੰਦਰਜੀਤ ਸਿੰਘ ਰਿਆਤ ਨਾਂ ਦੇ ਸ਼ਖ਼ਸ ਨੂੰ 30 ਸਾਲ ਦੀ ਸਜ਼ਾ ਹੋਈ ਸੀ। ਮਲਿਕ ਅਤੇ ਅਜਾਇਬ ਸਿੰਘ ਬਾਗੜੀ ਨੂੰ 2005 ਵਿੱਚ ਬਰੀ ਕਰ ਦਿੱਤਾ ਗਿਆ ਸੀ I