Punjab

ਪੰਜਾਬ ਪੁਲਿਸ ਨੇ ਇਸ ਪਿੰਡ ਦੇ ਸਰਪੰਚ ਤੇ ਪੰਚ ਸਮੇਤ 16 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ !

ਬਿਉਰੋ ਰਿਪੋਰਟ – ਲੁਧਿਆਣਾ ਵਿੱਚ ਕਾਰ ਲੁੱਟ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ ‘ਤੇ ਹਮਲਾ ਕਰਨ ਵਾਲੇ ਸਰਪੰਚ,ਪੰਚ ਅਤੇ ਹੋਰ ਪਿੰਡ ਦੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ । ਥਾਣਾ ਹਠੂਰ ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਮਨਦੀਪ ਸਿੰਘ,ਪੰਚ ਪੰਮਾ,ਸਿਮਰਜੀਤ ਸਿੰਘ,ਹਰਜੀਤ ਸਿੰਘ ਸਮੇਤ ਕੁੱਲ 16 ਲੋਕਾਂ ਖਿਲਫ ਮਾਮਲਾ ਦਰਜ ਕੀਤਾ ਹੈ ।

ਘਟਨਾ 17 ਜਨਵਰੀ ਦੇਰ ਰਾਤ ਪਿੰਡ ਕਮਾਲਪੁਰ ਦੀ ਹੈ ਜਦੋ ਲੁਧਿਆਣਾ ਥਾਣਾ ਸਦਰ ਦੀ ਪੁਲਿਸ ਟੀਮ ਕਾਰ ਲੁੱਟ ਦੇ ਮਾਮਲੇ ਵਿੱਚ ਮੁਲਜ਼ਮ ਦੀ ਤਲਾਸ਼ ਵਿੱਚ ਪਿੰਡ ਕਮਾਲਪੁਰਾ ਪਹੁੰਚੀ ਸੀ । ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 14 ਜਨਵਰੀ ਨੂੰ ਦਰਜ ਹੋਏ ਕਾਰ ਲੁੱਟ ਦੇ ਮਾਮਲੇ ਵਿੱਚ ਮੁਲਜ਼ਮ ਸਿਮਰਜੀਤ ਸਿੰਘ ਇਸੇ ਪਿੰਡ ਵਿੱਚ ਰਹਿੰਦਾ ਹੈ ਜਿਸ ਦੇ ਬਾਅਦ ਲੁਧਿਆਣਾ ਪੁਲਿਸ ਨੇ ਪਿੰਡ ਕਮਾਲਪੁਰ ਵਿੱਚ ਰੇਡ ਕੀਤੀ ਸੀ ।

ਜਦੋਂ ਪੁਲਿਸ ਟੀਮ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰ ਰਹੀ ਸੀ ਉਸ ਵੇਲੇ ਅਚਾਨਕ ਤਲਵਾਰ ਕੱਢ ਕੇ ASI ਤਰਸੇਮ ਸਿੰਘ ਅਤੇ SHO ਹਰਸ਼ਵੀਰ ਸਿੰਘ ‘ਤੇ ਹਮਲਾ ਕਰ ਦਿੱਤਾ ਗਿਆ । ਦੋਵੇਂ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ ਸਨ। ਇਸੇ ਦੌਰਾਨ ਪਿੰਡ ਦੇ ਸਰਪੰਚ,ਪੰਚ ਅਤੇ ਹੋਰ ਲੋਕ ਡਾਂਗਾਂ ਅਤੇ ਹੋਰ ਹਥਿਆਰ ਲੈ ਕੇ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਟੀਮ ਨੂੰ ਘੇਰ ਲਿਆ । ਪੁਲਿਸ ਦੇ ਨਾਲ ਹਥੋਪਾਈ ਕੀਤੀ ਅਤੇ ਮੁਖ ਮੁਲਜ਼ਮ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ । ਪਰ ਪੁਲਿਸ ਨੇ ਬਹੁਤ ਹੀ ਹੁਸ਼ਿਆਰੀ ਨਾਲ ਮੁਲ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ ।