Others Punjab

ਅਵਾਰਾ ਕੁੱਤਿਆਂ ਇਕ ਪਰਿਵਾਰ ਦਾ ਬੁਝਾਇਆ ਚਿਰਾਗ, ਪਿੰਡ ‘ਚ ਵਾਪਰੀ ਲਗਾਤਾਰ ਦੂਸਰੀ ਘਟਨਾ

ਬਿਉਰੋ ਰਿਪੋਰਟ – ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਵਿਚ ਇਕ ਵਾਰ ਫਿਰ ਅਵਾਰਾ ਕੁੱਤਿਆਂ ਦਾ ਖੌਫ ਦੇਖਣ ਨੂੰ ਮਿਲਿਆ ਹੈ, ਜਿੱਥੇ 11 ਸਾਲਾ ਬੱਚੇ ਹਰਸੁਖਪ੍ਰੀਤ ਸਿੰਘ ਨੂੰ ਅਵਾਰਾ ਕੁੱਤਿਆ ਨੇ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦੇਈਏ ਕਿ ਇਹ ਪਿੰਡ ਵਿਚ ਵਾਪਰਣ ਵਾਲੀ ਦੂਜੀ ਘਟਨਾ ਹੈ, ਇਸ ਤੋਂ ਪਹਿਲਾਂ ਇਕ ਪ੍ਰਵਾਸੀ ਪਰਿਵਾਰ ਦੇ ਬੱਚੇ ਦੀ ਕੁੱਤਿਆਂ ਦੇ ਵੱਢਣ ਕਾਰਨ ਮੌਤ ਹੋਈ ਸੀ ਪਰ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਘਟਨਾ ਦੇ ਵਾਪਰਨ ਤੋਂ ਬਾਅਦ ਪਿੰਡ ਵਾਸੀਆਂ ਨੇ ਗੁੱਸੇ ਵਿਚ ਆਣ ਕੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਸੜਕ ਜਾਮ ਕਰ ਦਿੱਤੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈੈ ਕੇ ਗੰਭੀਰ ਨਹੀਂ ਹੈ। ਪ੍ਰਦਰਸ਼ਕਾਰੀਆਂ ਮੰਗ ਕੀਤੀ ਕਿ ਪ੍ਰਸ਼ਾਸਨ ਸਖਤ ਕਦਮ ਚੁੱਕੇ ਤਾਂ ਕਿ ਅਜਿਹੀ ਘਟਨਾ ਦੁਬਾਰਾ ਕਦੇ ਨਾ ਵਾਪਰੇ।

ਦੱਸ ਦੇਈਏ ਕਿ ਇਸ ਹਾਦਸੇ ਤੋਂ ਪਹਿਲਾਂ ਵੀ ਦੇਸ਼ ਵਿਚ ਅਵਾਰਾ ਕੁੱਤਿਆਂ ਦੇ ਵੱਢਣ ਕਾਰਨ ਕਈ ਜਾਨਾਂ ਜਾ ਚੁੱਕੀਆ ਹਨ, ਜਿਸ ਨੂੰ ਦੇਖਦੇ ਹੋਏ ਹਾਈਕੋਰਟ ਨੇ ਤੈਅ ਕੀਤਾ ਸੀ ਕਿ ਅਵਾਰਾ ਪਸ਼ੂਆਂ ਕਾਰਨ ਵਿਅਕਤੀ ਦੀ ਮੌਤ ਹੋਣ ‘ਤੇ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ – ਚੋਰਾਂ ਨੇ ਰਾਏਕੋਟ ਦੇ ਬੈਂਕ ਆਫ਼ ਇੰਡੀਆ ’ਚ ਲਾਈ ਸੰਨ੍ਹ, ਕੁਝ ਨਾ ਮਿਲਣ ‘ਤੇ ਨੋਟ ਗਿਣਨ ਵਾਲੀ ਮਸ਼ੀਨ ਤੋੜੀ