India International Punjab

UK ਵੱਲੋਂ ਬ੍ਰਿਟਿਸ਼ ਸੈਨਿਕ ਦੇ ਅਤਿਵਾਦੀ ਸੰਬੰਧਾਂ ਬਾਰੇ ਪੰਜਾਬ ਪੁਲਿਸ ਦੇ ਦਾਅਵੇ ਦਾ ਖੰਡਨ

ਯੂ ਕੇ ਦੇ ਰੱਖਿਆ ਮੰਤਰਾਲੇ ਨੇ ਇਕ ਬ੍ਰਿਟਿਸ਼ ਫੌਜੀ ਦੇ ਭਾਰਤ ਵਿਚ ਅਤਿਵਾਦੀ ਗਤੀਵਿਧੀਆਂ ਨਾਲ ਜੁੜੇ ਹੋਣ ਦੇ ਪੰਜਾਬ ਪੁਲਿਸ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ ਜਦੋਂ ਕਿ ਪੰਜਾਬ ਪੁਲਿਸ ਦੇ ਡੀ ਜੀ ਪੀ ਗੌਰਵ ਯਾਦਵ ਨੇ ਆਪਣੇ ਦੋਸ਼ ਮੁੜ ਦੁਹਰਾਉਂਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਦਾ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਡੀ ਜੀ ਪੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਸੀ ਕਿ ਬ੍ਰਿਟਿਸ਼ ਸੈਨਿਕ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜ਼ੈਡ ਐਫ) ਚਲਾ ਰਿਹਾ ਹੈ ਜਦੋਂ ਕਿ ਯੂ ਕੇ ਰੱਖਿਆ ਮੰਤਰਾਲੇ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ।

ਯੂ ਕੇ ਦੇ ਕਮਿਊਨਿਕ ਐਕਸ਼ਨਜ਼ ਅਫਸਰ ਡਾਇਰੈਕਟੋਰੇਟ ਆਫ ਡਿਫੈਂਸ ਕਮਿਊਨਿਕੇਸ਼ਨਜ਼ ਰੱਖਿਆ ਮੰਤਰਾਲਾ ਵ੍ਹਾਈਹਾਲ ਲੰਡਨ ਜੀਆਨ ਸ਼ੀਲਾਬੀਰ ਨੇ ਇਸ ਦੋਸ਼ ਦਾ ਖੰਡਨ ਕਰਦਿਆਂ ਕਿਹਾ ਕਿ ਸਾਡੇ ਕੋਲ ਨਾ ਤਾਂ ਭਾਰਤੀ ਅਧਿਕਾਰੀਆਂ ਨੇ ਪਹੁੰਚ ਕੀਤੀ ਹੈ ਤੇ ਨਾ ਹੀ ਇਸ ਨਾਂ ਦਾ ਕੋਈ ਸੈਨਿਕ ਯੂ ਕੇ ਫੌਜ ਵਿਚ ਕੰਮ ਕਰਦਾ ਹੈ। ਪੰਜਾਬ ਪੁਲਿਸ ਵੱਲੋਂ ਜਗਜੀਤ ਸਿੰਘ ਦੀ ਜਾਰੀ ਕੀਤੀ ਗਈ ਤਸਵੀਰ ਬਾਰੇ ਸ਼ਿਲਾਬੀਰ ਨੇ ਕਿਹਾ ਕਿ ਇਹ ਤਸਵੀਰ ਇਕ ਬ੍ਰਿਟਿਸ਼ ਸਿੱਖ ਫੌਜੀ ਦੀ ਹੈ ਜਿਸਦਾ ਨਾਂ  ਪੰਜਾਬ ਪੁਲਿਸ ਵੱਲੋਂ ਦੱਸੇ ਨਾਂ ਨਾਲ ਮੇਲ ਨਹੀਂ ਖਾਂਦਾ।

ਦੱਸ ਦਈਏ ਕਿ ਪੰਜਾਬ ਪੁਲਿਸ ਤੇ ਯੂਪੀ ਪੁਲਿਸ ਨੇ ਸੋਮਵਾਰ ਨੂੰ ਪੀਲੀਭੀਤ ਵਿੱਚ ਇੱਕ ਸਾਂਝੇ ਆਪਰੇਸ਼ਨ ਵਿੱਚ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਮਾਰੇ ਗਏ ਅੱਤਵਾਦੀਆਂ ਨੂੰ ਆਈਐਸਆਈ ਦਾ ਸਮਰਥਨ ਪ੍ਰਾਪਤ ਸੀ।

ਡੀਜੀਪੀ ਯਾਦਵ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰਤਾਨੀਆ ਵਿੱਚ ਰਹਿਣ ਵਾਲਾ ਜਗਜੀਤ ਸਿੰਘ ਵੀ ਹਮਲੇ ਦੀ ਯੋਜਨਾ ਵਿੱਚ ਸ਼ਾਮਲ ਸੀ।

ਡੀ.ਜੀ.ਪੀ. ਗੌਰਵ ਯਾਦਵ ਨੇ ਟਵਿੱਟਰ ‘ਤੇ ਇਕ ਪੋਸਟ ਵਿਚ, ਬ੍ਰਿਟਿਸ਼ ਫ਼ੌਜ ਦੇ ਸਿਪਾਹੀ ਦੀ ਪਛਾਣ ਜਗਜੀਤ ਸਿੰਘ ਵਜੋਂ ਉਜਾਗਰ ਕੀਤੀ ਸੀ, ਜੋ ਕਿ ਫ਼ਤਿਹ ਸਿੰਘ ‘ਬਾਘੀ’ ਵਜੋਂ ਮਸ਼ਹੂਰ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਗਜੀਤ ਸਿੰਘ ਭਾਰਤੀ ਫ਼ੌਜ ਦੇ ਇਕ ਪਰਵਾਰ ਵਿਚੋਂ ਹੈ, ਜਿਸ ਦੀਆਂ ਜੜ੍ਹਾਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਹਨ। ਉਸ ਦੇ ਦਾਦਾ, ਪਿਤਾ ਅਤੇ ਭਰਾ ਸਮੇਤ ਉਸ ਦੇ ਕਈ ਰਿਸ਼ਤੇਦਾਰ ਭਾਰਤੀ ਫ਼ੌਜ ਵਿਚ ਸੇਵਾ ਨਿਭਾ ਚੁਕੇ ਹਨ। ਜਗਜੀਤ ਸਿੰਘ ਬ੍ਰਿਟਿਸ਼ ਆਰਮੀ ਵਿਚ ਸੇਵਾ ਨਿਭਾਅ ਰਿਹਾ ਸੀ।