India Punjab

ਕਿਸਾਨਾਂ ਵੱਲੋਂ ਦਿੱਲੀ ਘੇਰਨ ਦੀਆਂ ਤਿਆਰੀਆਂ ਸ਼ੁਰੂ! ਪਿੰਡਾਂ ਤੋਂ ਇਕੱਠਾ ਹੋ ਰਿਹੈ ਰਾਸ਼ਨ, ਭਾਂਡੇ, ਗੱਦੇ, ਕੰਬਲ ਤੇ ਰਜਾਈਆਂ

’ਦ ਖ਼ਾਲਸ ਬਿਊਰੋ: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ 26 ਨਵੰਬਰ ਰਾਜਧਾਨੀ ਨੂੰ ਜਾਣ ਵਾਲੀਆਂ ਪੰਜ ਜਰਨੈਲੀ ਸੜਕਾਂ ’ਤੇ ਵੱਡੀ ਗਿਣਤੀ ’ਚ ਪੁੱਜਣਗੇ। ਇਸ ਦੇ ਤਹਿਤ ਪੰਜਾਬ ਦੀਆਂ ਕਿਸਾਨਾਂ ਜਥੇਬੰਦੀਆਂ ਨੇ ਪਿੰਡਾਂ ਦੇ ਲੋਕਾਂ ਤੋਂ ਰਾਸ਼ਨ, ਰਜਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੰਘਰਸ਼ਸ਼ੀਲ ਨੂੰ ਠੰਢ ਤੋਂ ਬਚਾਉਣ ਲਈ ਟਰਾਲੀਆਂ ਨੂੰ ਉੱਪਰੋਂ ਢੱਕ ਕੇ ਲਿਜਾਇਆ ਜਾਵੇਗਾ ਅਤੇ ਨਾਲ ਹੀ ਬੱਸਾਂ ਤੇ ਹੋਰ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

ਕਿਸਾਨ ਜਥੇਬੰਦੀਆਂ ਨੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਦਿੱਲੀ ਪ੍ਰਦਰਸ਼ਨ ਲਈ ਲੋਕਾਂ ਦੀ ਹਮਾਇਤ ਮਿਲ ਰਹੀ ਹੈ ਜੋ ਕਿ ‘ਇਤਿਹਾਸਕ’ ਹੋਵੇਗਾ ਅਤੇ ਕੇਂਦਰ ਸਰਕਾਰ ਨੂੰ ‘ਹਿਲਾ ਕੇ ਰੱਖ ਦੇਵੇਗਾ’। ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਨੇ ‘ਸਮਯੁਕਤ ਕਿਸਾਨ ਮੋਰਚਾ’ ਬਣਾਇਆ ਹੈ। ਮੋਰਚੇ ਨੂੰ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਹਮਾਇਤ ਹਾਸਲ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਰਾਸ਼ਨ, ਨਕਦ, ਕੰਬਲ ਅਤੇ ਹੋਰ ਵਸਤਾਂ ਦੇ ਰੂਪ ’ਚ ਭਰਪੂਰ ਮਦਦ ਮਿਲ ਰਹੀ ਹੈ। ਬਰਨਾਲਾ ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੇ ਕਿਹਾ, ‘ਪਿੰਡਾਂ ਦੇ ਲੋਕ ਖੁੱਲ੍ਹੇ ਦਿਲ ਨਾਲ ਖਾਣ ਲਈ ਰਾਸ਼ਨ ਦਾਨ ਕਰ ਰਹੇ ਹਨ।’

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਔਰਤਾਂ ਵੀ ਘਰ-ਘਰ ਜਾ ਕੇ ਰਾਸ਼ਨ ਅਤੇ ਹੋਰ ਵਸਤਾਂ ਇਕੱਠੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਸਾਨੂੰ ਰਾਸ਼ਨ, ਭਾਂਡੇ, ਗੱਦੇ, ਕੰਬਲ ਅਤੇ ਰਜਾਈਆਂ ਆਦਿ ਮਿਲ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਲੋਕ ਕਿਸਾਨ ਜਥੇਬੰਦੀਆਂ ਨੂੰ ‘ਸੰਘਰਸ਼ ਫ਼ੰਡ’ ਵੀ ਦੇ ਰਹੇ ਹਨ।

ਸੰਘਰਸ਼ਸ਼ੀਲ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਆਵਾਜ਼ ਕੇਂਦਰ ਸਰਕਾਰ ਦੇ ਕੰਨਾਂ ਤਕ ਪਹੁੰਚਾਉਣ ਲਈ ਟਰੈਕਟਰਾਂ ’ਤੇ ਦਿੱਲੀ ਜਾਣਗੇ। ਭਾਰਤੀ ਕਿਸਾਨ ਯੂਨੀਅਨ (ਢਕੋਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਹਰ ਟਰੈਕਟਰ ’ਤੇ ਦੋ ਟਰਾਲੀਆਂ ਹੋਣਗੀਆਂ। ਉਨ੍ਹਾਂ ਕਿਹਾ, ‘ਹਰ ਟਰਾਲੀ ’ਚ ਕਿਸਾਨਾਂ, ਔਰਤਾਂ ਅਤੇ ਬੱਚਿਆਂ ਲਈ ਗੱਦੇ, ਟੈਂਟ, ਭਾਂਡੇ, ਲੱਕੜ ਅਤੇ ਹੋਰ ਵਸਤਾਂ ਹੋਣਗੀਆਂ। ਇਹ ਇਤਿਹਾਸਕ ਮਾਰਚ ਹੋਵੇਗਾ ਜੋ ਕਿ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ।’

ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ 26 ਨਵੰਬਰ ਨੂੰ ਕਿਸਾਨ ਪੰਜ ਰਾਜਮਾਰਗਾਂ ਅਮ੍ਰਿਤਸਰ-ਦਿੱਲੀ ਰਾਜਮਾਰਗ (ਕੁੰਡਲੀ ਹੱਦ), ਹਿਸਾਰ-ਦਿੱਲੀ ਰਾਜਮਾਰਗ (ਬਾਹਾਦੁਰਗੜ੍ਹ), ਜੈਪੁਰ-ਦਿੱਲੀ ਰਾਜਮਾਰਗ (ਧਾਰੂਹੇੜਾ), ਬਰੇਲੀ-ਦਿੱਲੀ ਰਾਜਮਾਰਗ (ਹਾਪੁੜ) ਅਤੇ ਆਗਰਾ-ਦਿੱਲੀ ਰਾਜਮਾਰਗ (ਵੱਲਭਗੜ੍ਹ) ਤੋਂ ਹੁੰਦ ਹੋਏ ਸ਼ਾਂਤਮਈ ਤਰੀਕੇ ਨਾਲ ਦਿੱਲੀ ਵਲ ਵਧਣਗੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਉਨ੍ਹਾਂ ਨੂੰ ਰੋਕਿਆ ਜਾਵੇਗਾ ਉੱਥੇ ਧਰਨਾ ਲਾ ਦਿੱਤਾ ਜਾਵੇਗਾ।