India

ਦਿੱਲੀ ਦੀ ਹਵਾ ਸ਼ਨੀਵਾਰ ਨੂੰ ਵੀ ‘ਗੰਭੀਰ’ ਸ਼੍ਰੇਣੀ ‘ਚ , ਇਨ੍ਹਾਂ ਇਲਾਕਿਆਂ ‘ਚ AQI ਰਿਹਾ 400 ਤੋਂ ਉੱਪਰ

ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸ਼ਨੀਵਾਰ ਨੂੰ ਹਵਾ ਦੀ ਗੁਣਵੱਤਾ ਦਾ ਪੱਧਰ ‘ਗੰਭੀਰ’ ਸ਼੍ਰੇਣੀ ‘ਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ‘ਤੇ ਸਵੇਰੇ 9 ਵਜੇ ਉਪਲਬਧ ਅੰਕੜਿਆਂ ਮੁਤਾਬਕ ਦਿੱਲੀ ‘ਚ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਬਵਾਨਾ ਅਤੇ ਨਿਊ ਮੋਤੀ ਬਾਗ ਇਲਾਕੇ ‘ਚ ਦਰਜ ਕੀਤੀ ਗਈ।

ਦਿੱਲੀ ਦੇ ਬਵਾਨਾ ਅਤੇ ਨਿਊ ਮੋਤੀ ਬਾਗ ਵਿੱਚ AQI 409 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਰੋਹਿਣੀ ਖੇਤਰ ‘ਚ AQI ਵੀ 400 ‘ਤੇ ਰਿਹਾ। ਜਦੋਂ AQI 400 ਤੋਂ ਉੱਪਰ ਜਾਂਦਾ ਹੈ, ਤਾਂ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਇਨ੍ਹਾਂ ਖੇਤਰਾਂ ਤੋਂ ਇਲਾਵਾ, ਦਿੱਲੀ ਦੇ ਜ਼ਿਆਦਾਤਰ ਖੇਤਰਾਂ ਵਿੱਚ AQI 300 ਤੋਂ 400 ਦੇ ਵਿਚਕਾਰ ਰਿਹਾ।

ਜਦੋਂ AQI 300 ਤੋਂ 400 ਤੋਂ ਉੱਪਰ ਜਾਂਦਾ ਹੈ, ਤਾਂ ਹਵਾ ਦੀ ਗੁਣਵੱਤਾ ਦਾ ਪੱਧਰ ‘ਖ਼ਰਾਬ’ ਤੋਂ ‘ਬਹੁਤ ਖ਼ਰਾਬ’ ਵਿਚਕਾਰ ਪਹੁੰਚ ਜਾਂਦਾ ਹੈ। ਦਿੱਲੀ ਦੀ ਹਵਾ ਵਿੱਚ ਪੀਐਮ 2.5 ਕਣਾਂ ਦਾ ਸਭ ਤੋਂ ਵੱਧ ਪ੍ਰਦੂਸ਼ਣ ਹੈ। PM 2.5 ਧੂੜ ਦੇ ਬਹੁਤ ਛੋਟੇ ਕਣ ਹਨ। ਦਿੱਲੀ ਵਿੱਚ ਇਨ੍ਹਾਂ ਧੂੜ ਕਣਾਂ ਨੂੰ ਕਾਬੂ ਕਰਨ ਲਈ ਪਾਣੀ ਦਾ ਛਿੜਕਾਅ ਵੀ ਲਗਾਤਾਰ ਕੀਤਾ ਜਾ ਰਿਹਾ ਹੈ।

ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਯਮੁਨਾ ਨਦੀ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਬਰਕਰਾਰ ਹੈ। ਦਿੱਲੀ ਦੇ ਕਾਲਿੰਦੀ ਕੁੰਜ ਇਲਾਕੇ ‘ਚੋਂ ਵਹਿਣ ਵਾਲੀ ਨਦੀ ‘ਚ ਝੱਗ ਦੀ ਮੋਟੀ ਪਰਤ ਹੈ।