‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਵਿੱਚ ਹਾਰਡਵੇਅਰ ਦੇ ਇੱਕ ਗੁਦਾਮ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਇਸ ’ਤੇ ਕਾਬੂ ਪਾਉਣ ਵਾਸਤੇ ਫਾਇਰ ਬ੍ਰਿਗੇਡ ਨੂੰ ਸਖ਼ਤ ਮਿਹਨਤ ਕਰਨੀ ਪਈ। ਇਸ ਤੋਂ ਇਲਾਵਾ ਦੀਵਾਲੀ ਵਾਲੀ ਰਾਤ ਅੰਮ੍ਰਿਤਸਰ ਸ਼ਹਿਰ ਵਿੱਚ 13ਵੱਖ-ਵੱਖ ਥਾਵਾਂ ’ਤੇ ਅੱਗ ਲੱਗੀ।
ਅੰਮ੍ਰਿਤਸਰ ਦੇ ਹੁਸੈਨਪੁਰਾ ਚੌਂਕ ਦੀ ਗਲੀ ਨੰਬਰ 4 ਵਿੱਚ ਸਥਾਪਤ ਹਾਰਡਵੇਅਰ ਦੇ ਗੁਦਾਮ ਵਿੱਚ ਲੱਗੀ ਅੱਗ ਨੂੰ ਕਾਬੂ ਕਰ ਲਿਆ ਗਿਆ ਹੈ। ਗੁਦਾਮ ਵਿੱਚ ਕਈ ਤਰ੍ਹਾਂ ਦੇ ਕੈਮੀਕਲ, ਫੈਵੀਕੋਲ ਤੇ ਹੋਰ ਸਾਮਾਨ ਸੀ, ਜਿਸ ਨਾਲ ਅੱਗ ਭੜਕ ਗਈ। ਅੱਗ ’ਤੇ ਕਾਬੂ ਪਾਉਣ ਵਾਸਤੇ 70 ਟੈਂਡਰ ਪਾਣੀ ਦੀ ਵਰਤੋਂ ਕੀਤੀ ਗਈ ਹੈ। ਇਸ ਵਾਸਤੇ ਏਅਰ ਫੋਰਸ ਸਮੇਤ ਹੋਰ ਕਈ ਵਿਭਾਗਾਂ ਤੋਂ ਅੱਗ ਬੁਝਾਊ ਵਾਹਨਾਂ ਦੀ ਮਦਦ ਲੈਣੀ ਪਈ।
ਜ਼ਿਲ੍ਹਾ ਫਾਇਰ ਬ੍ਰਿਗੇਡ ਅਫ਼ਸਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾ ਲਿਆ ਹੈ ਪਰ ਅਜੇ ਵੀ ਇੱਕ ਟੈਂਡਰ ਅੱਗ ’ਤੇ ਪਾਣੀ ਪਾ ਰਿਹਾ ਹੈ। ਇਹ ਅੱਗ ਅੱਜ ਸਵੇਰੇ ਛੇ ਵਜੇ ਲੱਗੀ। ਅੱਗ ਲੱਗਣ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗਾ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਨੇੜੇ ਇੱਕ ਦੁਕਾਨ ਵਿੱਚ ਵੀ ਭਾਰੀ ਅੱਗ ਲੱਗੀ ਹੈ। ਇਹ ਦੁਕਾਨ ਫਰਿੱਜਾਂ ਦੇ ਕੰਪਰੈਸਰਾਂ ਦੀ ਮੁਰੰਮਤ ਦੀ ਹੈ।