Delhi : ਸੋਮਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫਿਰ ‘ਗੰਭੀਰ ਸ਼੍ਰੇਣੀ’ ਵਿੱਚ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ‘ਤੇ ਮੌਜੂਦ ਅੰਕੜਿਆਂ ਮੁਤਾਬਕ ਸਵੇਰੇ 6 ਵਜੇ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਜਾਂ ‘ਬਹੁਤ ਖਰਾਬ’ ਸ਼੍ਰੇਣੀ ‘ਚ ਦਰਜ ਕੀਤਾ ਗਿਆ।
ਸੋਮਵਾਰ ਸਵੇਰੇ ਦਿੱਲੀ ਦੇ ਆਨੰਦ ਵਿਹਾਰ ਇਲਾਕੇ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਸੀ। ਆਨੰਦ ਵਿਹਾਰ ਵਿੱਚ ਸਵੇਰੇ 6 ਵਜੇ AQI 432 ਦਰਜ ਕੀਤਾ ਗਿਆ। ਇਹ ਹਵਾ ਦੀ ਗੁਣਵੱਤਾ ਦਾ ‘ਗੰਭੀਰ’ ਪੱਧਰ ਹੈ। ਆਨੰਦ ਵਿਹਾਰ ਤੋਂ ਇਲਾਵਾ, ਅਸ਼ੋਕ ਵਿਹਾਰ, ਬਵਾਨਾ, ਜਹਾਂਗੀਰਪੁਰੀ, ਮੁੰਡਕਾ, ਦਵਾਰਕਾ, ਨਿਊ ਮੋਤੀ ਬਾਗ, ਪਤਪੜਗੰਜ, ਪੰਜਾਬੀ ਬਾਗ, ਰੋਹਿਣੀ, ਵਿਵੇਕ ਵਿਹਾਰ ਅਤੇ ਵਜ਼ੀਰਪੁਰ ਵਿੱਚ AQI 400 ਤੋਂ ਉੱਪਰ ਰਿਹਾ।
ਇਨ੍ਹਾਂ ਖੇਤਰਾਂ ਤੋਂ ਇਲਾਵਾ, ਦਿੱਲੀ ਵਿੱਚ ਜ਼ਿਆਦਾਤਰ ਥਾਵਾਂ ‘ਤੇ AQI ਪੱਧਰ 300 ਤੋਂ 400 ਦੇ ਵਿਚਕਾਰ ਦਰਜ ਕੀਤਾ ਗਿਆ ਸੀ। ਇਸ ਨੂੰ ਹਵਾ ਦੀ ਗੁਣਵੱਤਾ ਦਾ ਬਹੁਤ ਮਾੜਾ ਪੱਧਰ ਮੰਨਿਆ ਜਾਂਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ਮੁਤਾਬਕ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਵੱਡਾ ਕਾਰਨ ਪੀਐਮ 2.0 ਕਣ ਹਨ।
PM 2.0 ਧੂੜ ਦੇ ਬਹੁਤ ਛੋਟੇ ਅਤੇ ਬਰੀਕ ਕਣ ਹਨ। ਇਸ ਦੇ ਮੱਦੇਨਜ਼ਰ ਧੂੜ ਨੂੰ ਕਾਬੂ ਕਰਨ ਲਈ ਦਿੱਲੀ ਦੀਆਂ ਸੜਕਾਂ ‘ਤੇ ਧੂੰਆਂ ਵਿਰੋਧੀ ਵਾਹਨਾਂ ਤੋਂ ਰੋਜ਼ਾਨਾ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਦਿੱਲੀ ‘ਚ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਯਮੁਨਾ ਨਦੀ ‘ਚ ਵੀ ਪ੍ਰਦੂਸ਼ਣ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਕਾਲਿੰਦੀ ਕੁੰਜ ਇਲਾਕੇ ‘ਚੋਂ ਲੰਘਦੀ ਯਮੁਨਾ ਨਦੀ ‘ਚ ਝੱਗ ਦੀ ਮੋਟੀ ਪਰਤ ਜੰਮ ਗਈ ਹੈ।