‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਕਿਸਾਨ ਦਿੱਲੀ ‘ਚ ਜੰਤਰ-ਮੰਤਰ ‘ਤੇ ਧਰਨਾ ਨਹੀਂ ਦੇ ਸਕਣਗੇ। ਦਿੱਲੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦਾ ਹਵਾਲਾ ਦਿੰਦੇ ਹੋਏ ਕਿਸਾਨਾਂ ਦੇ ਧਰਨੇ ਨੂੰ ਇਜਾਜ਼ਤ ਨਹੀਂ ਦਿੱਤੀ। ਨਵੀਂ ਦਿੱਲੀ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਕਮਿਸ਼ਨਰ ਦੇ ਦਫਤਰ ਤੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਪਹਿਲਾਂ ਹੀ 20 ਨਵੰਬਰ ਤੱਕ ਡਿਜਾਸਟਰ ਮੈਨੇਜਮੈਂਟ ਐਕਟ ਲੱਗਿਆ ਹੋਇਆ ਹੈ, ਜਿਸ ਦੀ ਵਜ੍ਹਾ ਕਰਕੇ ਕਿਸੇ ਵੀ ਤਰ੍ਹਾਂ ਦੇ ਇਕੱਠ ‘ਤੇ ਰੋਕ ਲਗਾਈ ਗਈ ਹੈ, ਇਸ ਲਈ ਜੰਤਰ-ਮੰਤਰ ‘ਤੇ ਧਰਨੇ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ।
ਪਿਛਲੇ ਹਫ਼ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਘਾਟ ‘ਤੇ ਧਰਨੇ ਦੀ ਇਜਾਜ਼ਤ ਮੰਗੀ ਸੀ ਤਾਂ ਉਨ੍ਹਾਂ ਨੂੰ ਵੀ ਇਜਾਜ਼ਤ ਨਹੀਂ ਮਿਲੀ ਸੀ। ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸ ਦੇ ਕਈ ਮੰਤਰੀਆਂ ਨੂੰ ਦਿੱਲੀ ਦੀ ਸਰਹੱਦ ‘ਤੇ ਰੋਕ ਲਿਆ ਸੀ।
ਕਿਸਾਨਾਂ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਜੇ ਅੱਜ ਸਾਡੀ ਗੱਲ ਕੇਂਦਰ ਸਰਕਾਰ ਨਾਲ ਨਹੀਂ ਨਿੱਬੜਦੀ ਤਾਂ 26-27 ਨਵੰਬਰ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਟਰੈਕਟਰ-ਟਰਾਲੀਆਂ ‘ਤੇ ਜਾ ਕੇ ਦਿੱਲੀ ਦਾ ਘਿਰਾਉ ਕਰਨਗੀਆਂ ਅਤੇ ਲੱਖਾਂ ਕਿਸਾਨ ਰਾਸ਼ਨ ਲੈ ਕੇ ਟਰਾਲੀਆਂ ‘ਤੇ ਤੰਬੂ ਲਾ ਕੇ ਪੱਕੇ ਤੌਰ ‘ਤੇ ਦਿੱਲੀ ਘੇਰਨ ਜਾਣਗੇ।