Punjab

ਕਿਸਾਨਾਂ ਨੇ ਕਬੂਲਿਆ ਕੇਂਦਰ ਨਾਲ ਮੁਲਾਕਾਤ ਦਾ ਸੱਦਾ, ਜੇ ਬੈਠਕ ‘ਚ ਕੁੱਝ ਨਾ ਬਣਿਆ ਤਾਂ 18 ਨਵੰਬਰ ਨੂੰ ਕਰਨਗੇ ਨਵਾਂ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਕੱਲ੍ਹ ਵਿਗਿਆਨ ਭਵਨ,ਦਿੱਲੀ ਵਿੱਚ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਇਹ‌ ਫੈਸਲਾ ਅੱਜ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ ਕੀਤੀ ਗਈ ਮੀਟਿੰਗ ਵਿੱਚ ਲਿਆ। ਇਹ ਮੀਟਿੰਗ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਦੇ ਨਾਲ ਹੋਵੇਗੀ।

 ਕਿਸਾਨਾਂ ਦੀ ਮੀਟਿੰਗ ਦੇ ਅਹਿਮ ਪੱਖ

  • ਸਾਡਾ ਅੰਦੋਲਨ ਜਾਰੀ ਰਹੇਗਾ।
  • ਰੇਲਵੇ ਮੰਤਰੀ ਪੀਊਸ਼ ਗੋਇਲ ਅੱਗੇ ਪੰਜਾਬ ਵਿੱਚ ਮਾਲ ਗੱਡੀਆਂ ਚਲਾਉਣ ਦੀ ਮੰਗ ਰੱਖਾਂਗੇ।
  • ਕੱਲ੍ਹ ਜੇ ਸਾਡੀ ਗੱਲ ਕੇਂਦਰ ਸਰਕਾਰ ਨਾਲ ਨਹੀਂ ਨਿੱਬੜਦੀ ਤਾਂ 26-27 ਨਵੰਬਰ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਟਰੈਕਟਰ-ਟਰਾਲੀਆਂ ‘ਤੇ ਜਾ ਕੇ ਦਿੱਲੀ ਦਾ ਘਿਰਾਉ ਕਰਨਗੀਆਂ ਅਤੇ ਲੱਖਾਂ ਕਿਸਾਨ ਰਾਸ਼ਨ ਲੈ ਕੇ ਟਰਾਲੀਆਂ ‘ਤੇ ਤੰਬੂ ਲਾ ਕੇ ਪੱਕੇ ਤੌਰ ‘ਤੇ ਦਿੱਲੀ ਘੇਰਨ ਜਾਣਗੇ।
  • ਜੇਕਰ ਸਰਕਾਰ ਆਪਣੀ ਅਤੇ ਸਾਡੀ ਨੀਅਤ ਦੇ ਮੁਤਾਬਕ ਗੱਲ ਕਰਦੀ ਹੈ ਤਾਂ ਉਸਦਾ ਫੈਸਲਾ 18 ਨਵੰਬਰ ਨੂੰ ਰੱਖੀ ਗਈ ਮੀਟਿੰਗ ਵਿੱਚ ਲਿਆ ਜਾਵੇਗਾ ਅਤੇ ਅਗਲੀ ਰਣਨੀਤੀ ਬਣਾਈ ਜਾਵੇਗੀ।
  • ਇੱਕ ਮੀਟਿੰਗ ਵਿੱਚ ਖੇਤੀ ਕਾਨੂੰਨ ਰੱਦ ਕਰਨ ਤੱਕ ਗੱਲ ਨਹੀਂ ਪਹੁੰਚ ਸਕਦੀ, ਇਸਨੂੰ ਪ੍ਰਾਇਮਰੀ ਮੀਟਿੰਗ ਕਹਿ ਸਕਦੇ ਹਾਂ। ਮੀਟਿੰਗ ਵਿੱਚ ਸਰਕਾਰ ਨਾਲ ਖੇਤੀ ਕਾਨੂੰਨਾਂ ਬਾਰੇ ਵਿਚਾਰ ਕਰਾਂਗੇ।
  • ਅਸੀਂ ਕੱਲ੍ਹ ਦਿੱਲੀ ਮੀਟਿੰਗ ਕਰਨ ਤਾਂ ਜਾ ਰਹੇ ਹਾਂ ਕਿ ਕਿਤੇ ਲੋਕ ਇਹ ਨਾ ਸਮਝਣ ਕਿ ਕਿਸਾਨ ਜਥੇਬੰਦੀਆਂ ਗੱਲਬਾਤ ਕਰਨ ਲਈ ਤਿਆਰ ਨਹੀਂ ਹਨ, ਪਰ ਸਾਡਾ ਧਰਨਾ ਜਾਰੀ ਰਹੇਗਾ ਅਤੇ ਰਿਲਾਇੰਸ ਪੰਪ, ਸਟੋਰ ਘਿਰੇ ਰਹਿਣਗੇ।
  • ਇਹ ਲੜਾਈ ਪਹਿਲਾਂ ਪੰਜਾਬ ਨੇ ਸ਼ੁਰੂ ਕੀਤੀ ਸੀ, ਜਿਸ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਹੀ ਬੁਲਾਇਆ ਗਿਆ ਹੈ ਅਤੇ ਦੇਸ਼ ਦੀਆਂ ਜਥੇਬੰਦੀਆਂ ਨੂੰ ਨਹੀਂ ਬੁਲਾਇਆ ਗਿਆ ਪਰ ਅਸੀਂ ਭਾਰਤ ਪੱਧਰ ਦੀਆਂ ਬਣੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ ਹੀ ਮੀਟਿੰਗ ਵਿੱਚ ਜਾ ਰਹੇ ਹਾਂ।
  • ਦਿਵਾਲੀ ਵਾਲੇ ਦਿਨ ਅਸੀਂ ਮਿਸ਼ਾਲਾਂ ਜਗਾ ਕੇ ਦਿਵਾਲੀ ਮਨਾਵਾਂਗੇ।
  • ਅਸੀਂ ਰੇਲਵੇ ਟਰੈਕ ਤੋਂ ਪੰਜਾਬ ਦੇ ਵਪਾਰੀਆਂ ਲਈ, ਪੰਜਾਬ ਦੀਆਂ ਮੰਗਾਂ ਖਾਤਿਰ ਉੱਠੇ ਸੀ।
  • ਜਦੋਂ ਤੱਕ ਕਾਨੂੰਨ ਰੱਦ ਕਰਨ ਦਾ ਬਿੱਲ ਨਹੀਂ ਬਣ ਜਾਂਦਾ, ਅਸੀਂ ਕੇਂਦਰ ਸਰਕਾਰ ‘ਤੇ ਭਰੋਸਾ ਨਹੀਂ ਕਰਾਂਗੇ।

ਮੀਟਿੰਗ ਦੌਰਾਨ ਬਹੁਤ ਸਾਰੇ ਮਾਮਲੇ ਵਿਚਾਰੇ ਗਏ, ਜਿਨ੍ਹਾਂ ਵਿੱਚ ਦਿੱਲੀ ਦੀ ਮੀਟਿੰਗ ਵਿੱਚ ‌ਜਾਣ ਵਾਲਾ ਫੈਸਲਾ ਅਹਿਮ ਸੀ।