ਖੰਨਾ : ਪਿਛਲੇ ਲੰਮੇ ਸਮੇਂ ਤੋਂ ਪੰਜਾਬ ਜੀ ਸਿਆਸਤ ਤੋਂ ਦੂਰ ਰਹੇ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਤੋਂ ਐਕਟਿਵ ਹੋ ਗਏ ਹਨ। ਸਿਆਸਤ ਵਿੱਚ ਸਰਗਰਮ ਹੁੰਦਾਸਾਰ ਹੀ ਉਨ੍ਹਾਂ ਨੇ ਮਾਨ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ।
ਕੈਪਟਨ ਅਮਰਿੰਦਰ ਸਿੰਘ ਅੱਜ ਕਿਸਾਨਾਂ ਦਾ ਹਾਲ ਜਾਨਣ ਲਈ ਖੰਨਾ ਮੰਡੀ ਵਿਚ ਪੁੱਜੇ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਕਿਸਾਨਾਂ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਝੋਨੇ ਵਿਚ ਕਿਸਾਨਾਂ ਦੀ ਪ੍ਰੇਸ਼ਾਨੀ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ। ਝੋਨੇ ਦੀ ਖਰੀਦ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਸਮੇਂ ਅਜਿਹਾ ਕੁਝ ਵੀ ਨਹੀਂ ਹੁੰਦਾ ਪਰ ਆਮ ਆਦਮੀ ਦੀ ਸਰਕਾਰ ਫੇਲ ਹੁੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਕੋਲ ਕਿਸਾਨਾਂ ਦਾ ਮੁੱਦਾ ਚੁੱਕਾਂਗੇ ਤੇ ਉਹਨਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਨੂੰ ਮੰਡੀਆਂ ਚ ਜਾਣਾ ਚਾਹੀਦਾ ਸੀ
ਸੁਨੀਲ ਜਾਖੜ ਦੇ ਅਸਤੀਫ਼ੇ ’ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਸੁਨੀਲ ਜਾਖੜ ਦੇ ਅਸਤੀਫੇ ਦੇ ਹੱਕ ‘ਚ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸੁਨੀਲ ਜਾਖੜ ਨਾਲ ਜਾ ਕੇ ਗੱਲ ਕਰਨਗੇ। ਕੈਨੇਡਾ ਭਾਰਤ ਵਿਵਾਦ ’ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਟਰੂਡੋ ਸਿਰਫ਼ ਚੋਣ ਜਿੱਤਣਾ ਚਾਹੁੰਦਾ ਹੈ । ਉਨਾਂ ਨੇ ਕਿਹਾ ਕਿ ਟਰੂਡੋ ਦੇ ਰੱਖਿਆ ਮੰਤਰੀ ਨੂੰ ਮੈਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਟਰੂਡੋ ਨੂੰ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੀ ਚਿੰਤਾ ਨਹੀਂ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦੀ ਵੋਟ ਲਈ ਟਰੂਡੋ ਅਜਿਹਾ ਕਰ ਰਿਹਾ ਹੈ।