ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਏਅਰ-ਇੰਡੀਆ ਦੀ ਯਾਤਰਾ ਨਾ ਕਰਨ ਦੀ ਧਮਕੀ ਦਿੱਤੀ ਹੈ। ਵੀਡੀਓ ਵਾਇਰਲ ਕਰਕੇ ਪੰਨੂੰ ਨੇ 1984 ਦੇ ਸਿੱਖ ਕਤਲੇਆਮ ਦਾ ਬਦਲਾ ਲੈਣ ਦੀ ਗੱਲ ਕੀਤੀ ਹੈ। ਇਹ ਦੂਜੀ ਵਾਰ ਹੈ ਜਦੋਂ ਪੰਨੂ ਨੇ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ ਹੈ। ਪਿਛਲੇ ਸਾਲ ਐਨਆਈਏ ਨੇ ਇਸੇ ਐਕਟ ‘ਤੇ ਕੇਸ ਦਰਜ ਕੀਤਾ ਸੀ ਅਤੇ ਪੰਨੂ ‘ਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਲਗਾਇਆ ਸੀ।
ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਪੰਨੂ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਆਪਣੀ ਨਵੀਂ ਵੀਡੀਓ ਵਾਇਰਲ ਕੀਤੀ ਹੈ। ਪੰਨੂ ਨੇ ਇਸ ਵੀਡੀਓ ‘ਚ ਸਾਫ ਕਿਹਾ ਹੈ ਕਿ 1 ਤੋਂ 19 ਨਵੰਬਰ ਤੱਕ ਏਅਰ ਇੰਡੀਆ ‘ਚ ਸਫਰ ਨਾ ਕਰੋ। ਨਵੰਬਰ 1984 ਦੇ ਸਿੱਖ ਕਤਲੇਆਮ ਦੀ 40ਵੀਂ ਬਰਸੀ ਹੈ। ਜਿਸ ਦੇ ਵਿਰੋਧ ਵਿੱਚ ਸਿੱਖਸ ਫਾਰ ਜਸਟਿਸ ਨੇ ਸਾਰਿਆਂ ਨੂੰ ਏਅਰ ਇੰਡੀਆ ਵਿੱਚ ਸਫਰ ਨਾ ਕਰਨ ਲਈ ਕਿਹਾ ਹੈ।
ਪੰਨੂ ਦਾ ਕਹਿਣਾ ਹੈ ਕਿ 1984 ਵਿੱਚ 13 ਹਜ਼ਾਰ ਤੋਂ ਵੱਧ ਸਿੱਖ ਅਤੇ ਉਨ੍ਹਾਂ ਦੇ ਬੱਚੇ ਮਾਰੇ ਗਏ ਸਨ। ਅੱਜ ਵੀ ਦਿੱਲੀ ਵਿੱਚ ਵਿਧਵਾ ਬਸਤੀ ਹੈ। ਇਸ ਸਾਰੀ ਘਟਨਾ ਨੂੰ ਭਾਰਤ ਸਰਕਾਰ ਨੇ ਅੰਜਾਮ ਦਿੱਤਾ ਹੈ। ਇਸ ਵੀਡੀਓ ਦੇ ਨਾਲ ਪੰਨੂ ਦੀ ਇੱਕ ਵੌਇਸ ਰਿਕਾਰਡਿੰਗ ਵੀ ਚੱਲ ਰਹੀ ਹੈ, ਜਿਸ ਵਿੱਚ ਫਲਾਈਟ ਵਿੱਚ ਬੰਬ ਹੋਣ ਦੀ ਗੱਲ ਕਹੀ ਜਾ ਰਹੀ ਹੈ।