ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਦੋ ਅੱਤਵਾਦੀ ਮਾਰੇ ਗਏ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਇਕ ਅਧਿਕਾਰੀ ਸਮੇਤ ਪੰਜ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕੁਲਗਾਮ ਦੇ ਅਦੀਗਾਮ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਦੇਵਸਰ ਖੇਤਰ ਦੇ ਅਦੀਗਾਮ ਪਿੰਡ ਵਿੱਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਉਨ੍ਹਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਵਧੀਕ ਪੁਲਿਸ ਸੁਪਰਡੈਂਟ (ਟ੍ਰੈਫਿਕ) ਮੁਮਤਾਜ਼ ਅਲੀ ਨੂੰ ਮੁਕਾਬਲੇ ਵਾਲੀ ਥਾਂ ਦੇ ਨੇੜੇ ਗੋਲੀ ਲੱਗਣ ਕਾਰਨ ਮਾਮੂਲੀ ਸੱਟਾਂ ਲੱਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਸੀ। ਜਦੋਂ ਅੱਤਵਾਦੀਆਂ ਨੇ ਆਪਣੇ-ਆਪ ਨੂੰ ਘੇਰਿਆ ਦੇਖਿਆ ਤਾਂ ਉਨ੍ਹਾਂ ਨੇ ਸੁਰੱਖਿਆ ਬਲਾਂ ’ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਗੋਲ਼ੀ ਲੱਗਣ ਕਾਰਨ ਫੌਜ ਦੇ ਚਾਰ ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਵਧੀਕ ਪੁਲਿਸ ਸੁਪਰਡੈਂਟ (ਟ੍ਰੈਫਿਕ) ਮੁਮਤਾਜ਼ ਅਲੀ ਨੂੰ ਮਾਮੂਲੀ ਸੱਟਾਂ ਲੱਗੀਆਂ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਹ ਯਕੀਨੀ ਬਣਾਉਣ ਲਈ ਭੱਜਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਕਿ ਅੱਤਵਾਦੀ ਕਿਤੇ ਭੱਜ ਨਾ ਸਕਣ। ਜ਼ਖ਼ਮੀ ਸੁਰੱਖਿਆ ਕਰਮਚਾਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।