International

ਪਾਕਿਸਤਾਨੀ ਭਿਖਾਰੀਆਂ ਤੋਂ ਪਰੇਸ਼ਾਨ ਸਾਊਦੀ ਅਰਬ, ਸ਼ਾਹਬਾਜ਼ ਸਰਕਾਰ ਨੂੰ ਇਨ੍ਹਾਂ ਨੂੰ ਰੋਕਣ ਲਈ ਕਿਹਾ

ਸਾਊਦੀ ਅਰਬ ਨੇ ਪਾਕਿਸਤਾਨ ਤੋਂ ਆਉਣ ਵਾਲੇ ਭਿਖਾਰੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਸ਼ਾਹਬਾਜ਼ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਹਰ ਸਾਲ ਪਾਕਿਸਤਾਨ ਤੋਂ ਵੱਡੀ ਗਿਣਤੀ ਵਿਚ ਲੋਕ ਉਮਰਾਹ ਵੀਜ਼ਾ (ਤੀਰਥ ਯਾਤਰਾ ਵੀਜ਼ਾ) ‘ਤੇ ਸਾਊਦੀ ਅਰਬ ਜਾਂਦੇ ਹਨ ਅਤੇ ਉਥੇ ਭੀਖ ਮੰਗਣ ਲੱਗਦੇ ਹਨ।

ਪਾਕਿਸਤਾਨੀ ਵੈੱਬਸਾਈਟ ਦਿ ਟ੍ਰਿਬਿਊਨ ਐਕਸਪ੍ਰੈਸ ਮੁਤਾਬਕ ਸਾਊਦੀ ਹੱਜ ਮੰਤਰਾਲੇ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੂੰ ਇਸ ‘ਤੇ ਤੁਰੰਤ ਰੋਕ ਲਗਾਉਣ ਲਈ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਇਸ ਨਾਲ ਪਾਕਿਸਤਾਨੀ ਉਮਰਾਹ ਅਤੇ ਹੱਜ ਯਾਤਰੀਆਂ ‘ਤੇ ਅਸਰ ਪੈ ਸਕਦਾ ਹੈ।

ਰਿਪੋਰਟ ਮੁਤਾਬਕ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਭਿਖਾਰੀਆਂ ਨੂੰ ਸਾਊਦੀ ਅਰਬ ਭੇਜਣ ਤੋਂ ਰੋਕਣ ਲਈ ‘ਉਮਰਾਹ ਐਕਟ’ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਟ੍ਰੈਵਲ ਏਜੰਸੀਆਂ ਨੂੰ ਨਿਯਮਤ ਕਰਨਾ ਹੈ ਜੋ ਉਮਰਾਹ ਵੀਜ਼ਾ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕਾਨੂੰਨੀ ਨਿਗਰਾਨੀ ਹੇਠ ਲਿਆਉਣਾ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਾਊਦੀ ਰਾਜਦੂਤ ਨਵਾਫ ਬਿਨ ਸੈਦ ਅਹਿਮਦ ਅਲ ਮਲਿਕੀ ਅਤੇ ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਵਿਚਾਲੇ ਮੁਲਾਕਾਤ ਹੋਈ ਸੀ। ਇਸ ਵਿੱਚ ਨਕਵੀ ਨੇ ਰਾਜਦੂਤ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਭਿਖਾਰੀਆਂ ਨੂੰ ਸਾਊਦੀ ਅਰਬ ਭੇਜਣ ਲਈ ਜ਼ਿੰਮੇਵਾਰ ਮਾਫ਼ੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।

ਰਿਪੋਰਟ ਮੁਤਾਬਕ ਗ੍ਰਹਿ ਮੰਤਰੀ ਨਕਵੀ ਦਾ ਮੰਨਣਾ ਹੈ ਕਿ ਅਜਿਹੀ ਘਟਨਾ ਪਾਕਿਸਤਾਨ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੀ ਹੈ। ਹੁਣ ਇਸ ‘ਤੇ ਸ਼ਿਕੰਜਾ ਕੱਸਣ ਦੀ ਜ਼ਿੰਮੇਵਾਰੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੂੰ ਦਿੱਤੀ ਗਈ ਹੈ।

ਰਿਪੋਰਟ ਮੁਤਾਬਕ ਪਿਛਲੇ ਮਹੀਨੇ ਹੀ ਕਰਾਚੀ ਏਅਰਪੋਰਟ ‘ਤੇ 11 ਲੋਕ ਫੜੇ ਗਏ ਸਨ। ਉਹ ਸਾਊਦੀ ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਦੀ ਤਿਆਰੀ ਕਰ ਰਹੇ ਸਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਦਾ ਮਕਸਦ ਉੱਥੇ ਜਾ ਕੇ ਭੀਖ ਮੰਗਣਾ ਸੀ। ਇਸੇ ਤਰ੍ਹਾਂ ਅਕਤੂਬਰ 2023 ਵਿਚ ਲਾਹੌਰ ਹਵਾਈ ਅੱਡੇ ‘ਤੇ ਇਕ ਫਲਾਈਟ ਵਿਚ ਸਵਾਰ 16 ਲੋਕਾਂ ਨੂੰ ਜਹਾਜ਼ ਤੋਂ ਉਤਾਰ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਵੀ ਉਥੇ ਭੀਖ ਮੰਗਣ ਜਾ ਰਹੇ ਸਨ।