Punjab

4 ਨਵੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗਾ ਅਰਦਾਸ ਸਮਾਗਮ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਕਾਂ ਵੱਲੋਂ ਹਰ ਰੋਜ਼ ਕੋਈ ਨਾ ਕੋਈ ਅਜਿਹਾ ਕਾਂਡ ਕੀਤਾ ਜਾ ਰਿਹਾ ਹੈ ਕਿ ਹਰ ਸਿੱਖ ਦਾ ਭਰੋਸਾ ਇਹਨਾਂ ਨਰੈਣੂ ਸੋਚ ਦੇ ਧਾਰਨੀ ਪ੍ਰਬੰਧਕਾਂ ਤੋਂ ਉੱਠਦਾ ਜਾ ਰਿਹਾ ਹੈ। ਪਿਛਲੇ ਅੱਠ ਕੁ ਸਾਲਾਂ ਤੋਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਥਾਂ-ਥਾਂ ਬੇਅਦਬੀ ਅਤੇ ਹੁਣ 328 ਪਾਵਨ ਸਰੂਪਾਂ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਹੀ ਗਾਇਬ ਹੋਣਾ ਅਤੇ ਇਨਸਾਫ ਮੰਗਦੀਆਂ ਸਿੱਖ ਸੰਗਤਾਂ ਨੂੰ ਬੇਰਹਿਮੀ ਨਾਲ ਕੁੱਟਣਾ, ਇਹ ਸਭ ਮਾੜੇ ਪ੍ਰਬੰਧ ਦੀਆਂ ਹੀ ਨਿਸ਼ਾਨੀਆਂ ਹਨ।

ਇਸ ਸਭ ਤੋਂ ਛੁਟਕਾਰਾ ਦੁਆਉਣ ਲਈ 22 ਮਾਰਚ 2016 ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਪ੍ਰਚੰਡ ਕਰਨ ਹਿੱਤ ‘ਤੇ ਦੋਸ਼ੀਆਂ ਨੂੰ ਸਜਾ ਦੁਆਉਣ ਲਈ 4 ਨਵੰਬਰ ਨੂੰ ‘ਅਰਦਾਸ ਸਮਾਗਮ’ ਸਿੱਖ ਸਦਭਾਵਨਾ ਦਲ ਅਤੇ ਗੁ:ਅਕਾਲ ਬੁੰਗਾ ਸਾਹਿਬ ਵੱਲੋਂ ਉਲੀਕਿਆ ਗਿਆ ਹੈ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗਾ।

ਭਾਈ ਬਲਦੇਵ ਸਿੰਘ ਵਡਾਲਾ ( ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ) ਨੇ ਕਿਹਾ ਕਿ ‘ਇਹ ਅਰਦਾਸ ਸਮਾਗਮ ਬਾਬਾ ਫੌਜਾ ਸਿੰਘ ਜੀ ਦੀ ਦੇਖ-ਰੇਖ ਹੇਠ ਹੋਵੇਗਾ। ਇਹ ਨਿਰੋਲ ਧਾਰਮਿਕ ਸਮਾਗਮ ਹੈ ਜਿਸ ‘ਚ ਰੱਤੀ ਭਰ ਵੀ ਮਰਿਯਾਦਾ ਦੀ ਉਲੰਘਣਾ ਨਹੀਂ ਹੋਵੇਗੀ ਕਿਉਂਕਿ ਉਹ ਖੁਦ ਵੀ ਗੁਰੂ ਘਰ ਦੇ ਕੀਰਤਨੀਏ ਹਨ। ਉਹ ਚਹੁੰਦੇ ਹਨ ਕਿ ਬ੍ਰਹਿਮੰਡ ਦੇ ਹਰ ਗੁਰੂ ਘਰ ‘ਚ ਸਿੱਖ ਨੀਤੀ ਸਦਾ ਬਹਾਲ ਰਹੇ’।

ਬਾਬਾ ਫੌਜਾ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੂਚਾਰੂ ਬਣਾਉਣ ਅਤੇ ਸ਼੍ਰੋਮਣੀ ਕਮੇਟੀ ਵਿੱਚੋਂ ਮਾੜੇ ਪ੍ਰਬੰਧਕਾਂ ਨੂੰ ਪੱਕੇ ਤੌਰ ‘ਤੇ ਕੱਢਣ ਲਈ ਕਮਰਕੱਸੇ ਕਰ ਕੇ ਰੱਖਣ, ਤਾਂ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਪ੍ਰਚੰਡ ਕਰਕੇ “ਪੰਥਕ ਹੋਕਾ” ਦੇ ਕੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਕੇ ਗੁਰੂ ਘਰਾਂ ਵਿੱਚ ਸਿੱਖ-ਨੀਤੀ ਬਹਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਉਹ ‘ਪੰਥਕ ਹੋਕਾ’ ਹੈ ਜਿਸਨੂੰ ਕਦੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਸ਼ਹੀਦ ਭਾਈ ਲਛਮਣ ਸਿੰਘ (ਸਾਕਾ ਨਨਕਾਣਾ ਸਾਹਿਬ) ਜੀ ਨੇ ਦਿੱਤਾ ਸੀ।

ਹੁਣ ਇਤਿਹਾਸ ਫਿਰ ਕਰਵੱਟ ਲੈਣਾ ਚਹੁੰਦਾ ਹੈ, ਸੋ ਵੱਧ ਤੋਂ ਵੱਧ ਸਿੱਖ ਸੰਗਤਾਂ ਸਹਿਯੋਗ ਕਰਨ। ਅਜਿਹੀਆਂ ਜੰਗਾਂ ‘ਚ ਫ਼ਤਿਹ ਹੁਣ ਸੰਗਤ ਨੇ ਹੀ ਕਰਨੀ ਹੈ ਕਿਉਂਕਿ ਗੁਣਤੰਤਰ ਦਾ ਵਾਰਿਸ ਖਾਲਸਾ, ਗਣਤੰਤਰ ਵਿੱਚ ਫਸਿਆ ਹੋਇਆ ਹੈ। ਸੋ, ਸਾਨੂੰ ਸਭ ਨੂੰ ਆਪਣਾ ਫਰਜ਼ ਪਹਿਚਾਣ ਕੇ ਆਪਣੇ ਬਬੇਕ ਨੂੰ ਸੱਚਾਈ ਲਈ ਜਗਾਉਣਾ ਚਾਹੀਦਾ ਹੈ। ਉਨ੍ਹਾਂ ਸੰਗਤਾਂ ਨੂੰ ਇਸ ਅਰਦਾਸ ਸਮਾਗਮ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ।