ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਨੇ ਆਪਣੇ ਵਿਦਿਆਰਥੀ ਵਿੰਗ ਛਾਤਰ ਯੁਵਾ ਸੰਘਰਸ਼ ਸਮਿਤੀ (CYSS) ਵੱਲੋਂ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਨੇ ਸਮੁੱਚੀ ਟੀਮ ਦੀ ਸਹਿਮਤੀ ਨਾਲ ਇਸ ਵਾਰ ਫਿਰ ਤੋਂ ਪ੍ਰਿੰਸ ਚੌਧਰੀ ’ਤੇ ਭਰੋਸਾ ਜਤਾਇਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਬਗੈਰ ਕਿਸੇ ਗਠਜੋੜ ਤੋਂ ਸਿਰਫ਼ ਪ੍ਰਧਾਨ ਦੀ ਇੱਕ ਸੀਟ ਲਈ ਹੀ ਚੋਣਾਂ ਲੜ ਰਹੇ ਹਨ ਪਰ ਅਗਲੀ ਵਾਰ ਪਾਰਟੀ ਚਾਰੇ ਸੀਟਾਂ ਲਈ ਚੋਣ ਲੜੇਗੀ।
CYSS ਦੇ ਇੰਚਾਰਜ ਤੇ ਪੰਜਾਬ ਪ੍ਰਧਾਨ ਮਨਜਿੰਦਰ ਲਾਲਪੁਰਾ ਨੇ ਪ੍ਰਧਾਨਗੀ ਦੇ ਉਮੀਦਵਾਰ ਦਾ ਐਲਾਨ ਕਰਦਿਆਂ ਪ੍ਰਿੰਸ ਚੌਧਰੀ ਨੂੰ ਵੱਡੀ ਲੀਡ ਨਾਲ ਪ੍ਰਧਾਨ ਬਣਾਉਣ ਦੀ ਵਿਦਿਆਰਥੀਆਂ ਨੂੰ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਉਮੀਦਵਾਰ ਦੀਆਂ ਖ਼ੂਬੀਆਂ ਵੀ ਗਿਣਾਈਆਂ।
ਮਨਜਿੰਦਰ ਲਾਲਪੁਰਾ ਨੇ ਦਾਅਵਾ ਕੀਤਾ ਕਿ ਇੱਕ ਭਾਵੁਕ ਬੰਦਾ ਵਿਦਿਆਰਥੀ ਦੀ ਗੱਲ ਦਿਲੋਂ ਸੁਣਦਾ ਹੈ। ਪ੍ਰਿੰਸ ਚੌਧਰੀ ਭਾਵੁਕ ਵੀ ਹੈ ਤੇ ਤਾਕਤਵਰ ਵੀ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਸੇਵਾ ਲਈ ਹਾਜ਼ਰ ਰਿਹਾ ਹੈ। ਉਸ ਨੇ ਦਿਨ-ਰਾਤ ਵਿਦਿਆਰਥੀਆਂ ਦੀ ਬਾਂਹ ਫੜੀ ਹੈ, ਉਹ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ।
ਇਸ ਮਗਰੋਂ ਚੋਣ ਮੁੱਦਿਆਂ ਦੀ ਗੱਲ ਕਰਦਿਆਂ CYSS ਦੇ ਉਮੀਦਵਾਰ ਪ੍ਰਿੰਸ ਚੌਧਰੀ ਨੇ ਕਿਹਾ ਕਿ ਇਸ ਵਾਰ ਸਟੂਡੈਂਟ ਵੈਲਫੇਅਰ ਸਭ ਤੋਂ ਅਹਿਮ ਮੁੱਦਾ ਰਹੇਗਾ। ਵਿਦਿਆਰਥੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਜਿਵੇਂ ਵਧ ਰਹੀਆਂ ਫੀਸਾਂ, ਹੋਸਟਲਾਂ ਦੀਆਂ ਸਮੱਸਿਆਵਾਂ ਆਦਿ ਦਾ ਹੱਲ ਕਰਨਾ ਹੀ CYSS ਦਾ ਮੁੱਦਾ ਰਹੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਜਲਦ ਹੀ ਆਪਣਾ ਮੈਨੀਫੈਸਟੋ ਵੀ ਜਾਰੀ ਕਰੇਗੀ।
ਦੱਸ ਦੇਈਏ PU ਵਿੱਚ 5 ਸਤੰਬਰ ਨੂੰ 2024 ਦੀਆਂ ਸਟੂ਼ਡੈਂਟ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ। ਪ੍ਰੈਸ ਕਾਨਫਰੰਸ ਵਿੱਚ CYSS ਦੇ ਇੰਚਾਰਜ ਤੇ ਪੰਜਾਬ ਪ੍ਰਧਾਨ ਮਨਜਿੰਦਰ ਲਾਲਪੁਰਾ, ਪ੍ਰਿੰਸ ਚੌਧਰੀ, ਜੌਨੀ, ਮਨਜੋਤ ਪੱਗਾ, ਚੇਅਰਮੈਨ ਇੰਦਰਜੀਤ ਮਾਨ, ਸੁੱਖੀ, ਮਨਕੀਰਤ ਤੇ ਹੋਰ ਹਾਜ਼ਰ ਸਨ।