Punjab

SGPC ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ, ਗੁਰੂ ਘਰ ਚੱਲੀਆਂ ਤਲਵਾਰਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਕਾਰਨ ਝੜਪ ਹੋਈ ਹੈ। ਦੋਵਾਂ ਧਿਰਾਂ ਵਿਚਾਲੇ ਤਲਵਾਰਾਂ ਤੱਕ ਚੱਲੀਆਂ, ਜਿਸ ਕਰਕੇ ਸਥਿਤੀ ਤਣਾਅਪੂਰਨ ਹੋ ਗਈ। ਸਿੱਖ ਜਥੇਬੰਦੀਆਂ ਨੇ SGPC ਦੇ ਮੁੱਖ ਦਫ਼ਤਰ ਨੂੰ ਤਾਲਾ ਜੜ ਦਿੱਤਾ ਸੀ, ਜਿਸ ਤੋਂ ਬਾਅਦ ਤਲਖੀ ਵਿੱਚ ਆਏ SGPC ਦੇ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਨਿਖੇੜਨ ਦੀ ਕੋਸ਼ਿਸ਼ ਕੀਤੀ। ਕੋਈ ਵੀ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਨਹੀਂ ਸੀ। ਜਾਣਕਾਰੀ ਮੁਤਾਬਕ ਕਈ ਸਿੱਖ ਜਥੇਬੰਦੀਆਂ ਤੇ ਐਸ.ਜੀ.ਪੀ.ਸੀ ਦੀ ਟਾਸਕ ਫੋਰਸ ਦੇ ਮੈਂਬਰ ਇਸ ਟਕਰਾਅ ‘ਚ ਜ਼ਖਮੀ ਵੀ ਹੋਏ ਹਨ। ਮੌਕੇ ‘ਤੇ ਐਂਬੂਲੈਂਸ ਬੁਲਾ ਕੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ।

SGPC ਵੱਲੋਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਉਨ੍ਹਾਂ ਨਾਲ ਧਰਨੇ ‘ਤੇ ਬੈਠੀ ਔਰਤਾਂ ਨੂੰ SGPC ਦੇ ਦਫਤਰ ਲਿਜਾਇਆ ਗਿਆ। SGPC ਨੇ ਜਿੱਥੇ ਸਿੱਖ ਜਥੇਬੰਦੀਆਂ ਧਰਨਾ ਦੇ ਰਹੀਆਂ ਸੀ, ਉੱਥੋਂ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਹੈ। ਇਸ ਝੜਪ ਤੋਂ ਪਹਿਲਾਂ SGPC ਵੱਲੋਂ ਸਿੱਖ ਜਥੇਬੰਦੀਆਂ ਨੂੰ ਬਿਜਲੀ ਦੀ ਸਹੂਲਤ ਦਿੱਤੀ ਗਈ ਸੀ। ਸਿੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਲਗਾਏ ਗਏ ਸਾਰੇ ਹੋਰਡਿੰਗ ਬੋਰਡ ਵੀ SGPC ਨੇ ਉਤਾਰ ਦਿੱਤੇ।

 

ਕਰੀਬ 40 ਦਿਨਾਂ ਤੋਂ ਇਹ ਜਥੇਬੰਦੀਆਂ ਧਰਨੇ ‘ਤੇ ਬੈਠੀਆਂ ਹੋਈਆਂ ਸਨ। ਇਹ ਜਥੇਬੰਦੀਆਂ ਲਾਪਤਾ ਪਾਵਨ ਸਰੂਪ ਮਾਮਲੇ ਵਿੱਚ ਹੋਈ ਕਾਰਵਾਈ ਤੋਂ ਖੁਸ਼ ਨਹੀਂ ਹਨ ਅਤੇ ਇਸ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਆਪਣੇ ਤੌਰ ‘ਤੇ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਤਿਕਾਰ ਕਮੇਟੀ ਵਿਚਕਾਰ ਜ਼ਬਰਦਸਤ ਟਕਰਾਅ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ SGPC ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਾਡਾ ਚੱਲ ਰਿਹਾ ਧਰਨਾ ਖਤਮ ਕਰ ਦਿੱਤਾ ਹੈ ਅਤੇ ਇੱਥੇ ਮੌਜੂਦ ਸਿੰਘਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ ਅਤੇ ਉਨ੍ਹਾਂ ਨੂੰ ਹੁਣ SGPC ਦਫ਼ਤਰ ਦੇ ਅੰਦਰ ਬੰਦੀ ਬਣਾ ਲਿਆ ਹੈ।

ਉਨ੍ਹਾਂ ਕਿਹਾ ਕਿ ‘ਤਰਖਾਣ ਮਾਜਰਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਖਿਲਾਫ UAPA ਤਹਿਤ ਕੇਸ ਦਰਜ ਕੀਤਾ ਗਿਆ ਹੈ ਤਾਂ ਫਿਰ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪਾਏ ਗਏ ਦੋਸ਼ੀਆਂ ਖਿਲਾਫ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ,ਉਨ੍ਹਾਂ ਨੂੰ ਸਾਧਾਰਨ ਸਜ਼ਾਵਾਂ ਕਿਉਂ ਦਿੱਤੀਆਂ ਗਈਆਂ ਹਨ’। ਇਸ ਮੌਕੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਵੀ ਮੌਜੂਦ ਸੀ।