Khaas Lekh Religion

ਸ਼ੇਰਦਿਲ ਸਿੱਖ ਸਰਦਾਰ ਹਰੀ ਸਿੰਘ ਨਲੂਆ, ਸਾਜਿਸ਼ ਅਤੇ ਸ਼ਹਾਦਤ-ਡਾ. ਸੁਖਪ੍ਰੀਤ ਸਿੰਘ ਉਦੋਕੇ

 

‘ਦ ਖ਼ਾਲਸ ਟੀਵੀ ( ਪੁਨੀਤ ਕੋਰ):-  ਸਿੱਖ ਹਿਸਟੋਰੀਅਨ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਸਿੱਖ ਕੌਮ ਦੇ ਬਹਾਦਰ ਜਰਨੈਲ ਹਰੀ ਸਿੰਘ ਨਲੂਆ ਦੇ ਸ਼ਹੀਦੀ ਦਿਹਾੜੇ ਮੌਕੇ ਕੁੱਝ ਸਵਾਲਾਂ ਤੋਂ ਸਿੱਖ ਕੌਮ ਨੂੰ ਜਾਣੂ ਕਰਵਾਇਆ ਹੈ ਜੋ ਕਿ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਹਾਦਤ ਨਾਲ ਸੰਬੰਧਿਤ ਹਨ। ਜਿਹੜੇ ਸਵਾਲ ਉਨ੍ਹਾਂ ਨੇ ਖੜ੍ਹੇ ਕੀਤੇ ਹਨ,ਉਹ ਸਵਾਲ ‘ਦ ਖ਼ਾਲਸ ਟੀਵੀ ਤੁਹਾਨੂੰ ਇੰਨ-ਬਿੰਨ ਲਿਖ ਕੇ ਦੱਸ ਰਿਹਾ ਹੈ।

ਡਾ. ਸੁਖਪ੍ਰੀਤ ਸਿੰਘ ਉਦੋਕੇ ਲਿਖਦੇ ਹਨ ਕਿ ਸ਼ੇਰਦਿਲ ਜਰਨੈਲ ਹਰੀ ਸਿੰਘ ਨਲੂਏ ਦੀ ਸ਼ਹਾਦਤ ਨੂੰ ਕਰੀਬ 182 ਸਾਲ ਬੀਤ ਗਏ ਪਰ ਉਨ੍ਹਾਂ ਦੀ ਸ਼ਹੀਦੀ ਨਾਲ ਸੰਬੰਧਿਤ ਕਈ ਸਵਾਲ ਅਜੇ ਵੀ ਜਵਾਬ ਲੱਭਦੇ-ਲੱਭਦੇ ਸਮੇਂ ਦੀ ਧੂੜ ਵਿੱਚ ਗਵਾਚਦੇ ਜਾ ਰਹੇ ਹਨ।

(1) ਇਕ ਸਰੋਤ ਅਨੁਸਾਰ ਸ: ਹਰੀ ਸਿੰਘ ਕਰਾਬੀਨ ਗੋਲੀਆਂ ਲੱਗਣ ਤੋਂ ਬਾਅਦ ਆਪਣੇ ਘੋੜੇ ਦੀ ਧੌਣ ਉਪਰ ਮੂਧਾ ਡਿੱਗਿਆ, ਇਸ ਦਾ ਮਤਲਬ ਹੈ ਕਿ ਗੋਲੀਆਂ ਪਿੱਠ ਵਾਲੇ ਪਾਸਿਓਂ ਚੱਲੀਆਂ। ਜੇ ਸਾਹਮਣੇ ਤੋਂ ਲੱਗਦੀਆਂ ਤਾਂ ਉਨ੍ਹਾਂ ਨੇ ਘੋੜੇ ਦੇ ਪਿੱਠ ਵਾਲੇ ਪਾਸੇ ਡਿੱਗਣਾ ਸੀ।

(2) ਜਿਸ ਮੁਹੰਮਦ ਖ਼ਲੀਲ, ਜਿਸਨੂੰ ਹਰੀ ਸਿੰਘ ਦੀ ਸ਼ਹਾਦਤ ਦਾ ਸਿਹਰਾ ਬੰਨਿਆ ਜਾਂਦਾ ਹੈ, ਉਸ ਨੂੰ ਤੇਜਾ ਸਿੰਘ ਡੋਗਰੇ ਦੇ ਭਤੀਜੇ ਖੁਸ਼ਹਾਲ ਸਿੰਘ ਨੇ ਆਪਣੇ ਜਥੇ ਵਿੱਚ ਭਰਤੀ ਕੀਤਾ ਸੀ।

(3) ਹਰੀ ਸਿੰਘ ਦਾ ਸਾਹਮਣਾ ਪਾਸਾ ਜਰਾਹ ਬਖ਼ਤਰ (Armoured )ਨਾਲ ਢੱਕਿਆ ਹੋਇਆ ਸੀ। ਸਾਹਮਣੇ ਪਾਸੇ ਤੋਂ ਦੂਰ ਤੋਂ ਵੱਜੀ ਗੋਲੀ ਨਾਲ ਜਾਨੀ ਨੁਕਸਾਨ ਨਹੀਂ ਹੋਣਾ ਸੀ।

(4) ਖੁਸ਼ਹਾਲ ਸਿੰਘ ਡੋਗਰੇ ਨੇ ਹਰੀ ਸਿੰਘ ਦੇ ਹੁਕਮਾਂ ਦੀ ਕਈ ਵਾਰ ਨਾ ਫੁਰਮਾਨੀ ਵੀ ਕੀਤੀ ਸੀ।

(5) ਸ਼ੇਰੇ ਪੰਜਾਬ ਦਾ ਅਖ਼ਬਾਰ ਨਵੀਸ ਰਾਮਦਿਆਲ ਲਿਖਦਾ ਹੈ ਕਿ ਨਲੂਏ ਸਰਦਾਰ ਦੇ ਜੰਗ ਦੌਰਾਨ ਲੜਦਿਆਂ ਤਲਵਾਰ ਦੇ ਫੱਟ ਹੀ ਲੱਗੇ ਪਰ ਕਰਾਬੀਨ ਦੀ ਗੋਲੀ ਸਾਹਮਣੇ ਤੋਂ ਨਹੀਂ ਲੱਗੀ।

(6) ਸ਼ੇਰੇ ਪੰਜਾਬ ਦੀ ਫੌਜ ਵਿੱਚ ਗ਼ੈਰ ਇਖਲਾਕੀ ਹਰਕਤਾਂ ਕਰਕੇ ਕੱਢਿਆ ਇਕ ਅਮਰੀਕੀ ਸਿਪਾਹੀ ( ਮਿ: ਹਾਰਲਨ) ਵੀ ਕਾਬੁਲੀ ਫੌਜ ਨਾਲ ਜਾ ਰਲਿਆ ਸੀ ਅਤੇ ਉਸ ਨੇ ਸ: ਨਲੂਏ ਦੀ ਸ਼ਹਾਦਤ ਉਪਰ ਕਿਹਾ ਕਿ ਮੈਂ ਆਪਣਾ ਬਦਲਾ ਲੈ ਲਿਆ ਹੈ।

(7) ਘਾਤਕ ਜਖ਼ਮੀ ਹੋਇਆ ਜਰਨੈਲ ਨਲੂਆ ਇਸ ਧੋਖੇ ਤੋਂ ਵਾਕਿਫ ਹੋ ਗਿਆ ਸੀ ਅਤੇ ਉਸ ਨੇ ਸ: ਮਹਾਂ ਸਿੰਘ ਨੂੰ ਉਸ ਦੀ ਸ਼ਹਾਦਤ ਦੀ ਖ਼ਬਰ ਛਪਾਉਣ ਦੀ ਨਸੀਹਤ ਦਿੱਤੀ ਸੀ।

(8) ਸ: ਨਲੂਏ ਦੇ ਖਾਸ ਸਾਥੀ ਅਜਾਇਬ ਸਿੰਘ ਰੰਧਾਵਾ ਉੱਪਰ ਵੀ ਇਸੇ ਤਰ੍ਹਾਂ ਹੀ ਪਿੱਠ ਵਾਲੇ ਪਾਸਿਓਂ ਵਾਰ ਹੋਇਆ ਅਤੇ ਸ਼ਹਾਦਤ ਹੋਈ ਜੋ ਕਿ ਦਰਬਾਰ ਵਿੱਚ ਅਸਲੀਅਤ ਜਾਹਰ ਕਰ ਸਕਦਾ ਸੀ।

(9) ਖੁਸ਼ਹਾਲ ਸਿੰਘ ਡੋਗਰੇ ਦਾ ਇਕ ਖਾਸ ਆਦਮੀ (ਨਜ਼ੀਬ) ਜੋ ਕਿ ਖ਼ਾਲਸਾ ਫੌਜ ਦੀਆਂ ਤੋਪਾਂ ਦਾ ਆਤਿਸ਼ਬਾਜ਼ ਅਤੇ ਨਿਸ਼ਾਨੇਬਾਜ਼ ਸੀ ਉਹ ਵੀ ਦੁਸ਼ਮਣ ਨਾਲ ਮਿਲ ਗਿਆ ਸੀ।

ਇਹ ਅਨੇਕਾਂ ਸਵਾਲ ਜਵਾਬ ਮੰਗਦੇ ਨੇ… ਪਰ ਸ਼ਹਾਦਤ ਦਾ ਜ਼ਾਮ ਪੀ ਕੇ ਆਖ਼ਰੀ ਸਫ਼ਰ ਵਾਲਾ ਜਾ ਰਿਹਾ ਸੂਰਮਾ ਆਪਣੇ ਘੋੜੇ ਨੂੰ ਕਹਿ ਰਿਹਾ ਸੀ,

ਨੂਨ ਨਿਕਲ ਵੱਲ ਘੋੜਿਆ ਕਿਲ੍ਹੇ ਦੀ ਵੱਲ,

ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ।

ਗੋਲੀ ਲੱਗੀ ਹੈ ਕਹਿਰ ਕਲੇਰ ਵਾਲੀ,

ਘਾਇਲ ਹੋਇਆ ਹੈ ਅੱਜ ਅਸਵਾਰ ਤੇਰਾ।(ਕਾਦਰਯਾਰ)