Punjab

ਕਿਸਾਨਾਂ ਨੇ ਰੇਲਵੇ ਟਰੈਕਾਂ ਤੋਂ ਧਰਨੇ ਚੁੱਕ ਕੇ ਰੇਲਵੇ ਸਟੇਸ਼ਨ ‘ਤੇ ਲਾਏ

‘ਦ ਖ਼ਾਲਸ ਬਿਊਰੋ :- ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਦੁਪਹਿਰ ਤਿੰਨ ਵਜੇ ਤੋਂ ਬਾਅਦ ਰੇਲਵੇ ਲਾਈਨਾਂ ਤੋਂ ਆਪਣੇ ਧਰਨੇ ਹੁਣ ਰੇਲਵੇ ਸਟੇਸ਼ਨਾਂ ਤੇ ਪਲੇਟਫਾਰਮਾਂ ਉੱਤੇ ‌ਤਬਦੀਲ ਕਰ ਲਏ ਹਨ ਤਾਂ ਜੋ ਮਾਲ ਗੱਡੀਆਂ ਲੰਘ ਸਕਣ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਰੇਲਵੇ ਲਾਈਨਾਂ ਉੱਪਰ ਲੱਗੇ ਸਾਰੇ ਧਰਨੇ ਮੁਲਤਵੀ ਕਰ ਦਿੱਤੇ ਗਏ ਹਨ।

ਕਿਸਾਨ ਜਥੇਬੰਦੀਆਂ ਨੇ ਖਾਦ, ਬਾਰਦਾਨੇ ਦੀ ਕਮੀ ਅਤੇ ਤਾਪਘਰਾਂ ਲਈ ਕੋਲੇ ਦੀ ਸਪਲਾਈ ਵਿੱਚ ਆਈ ਖੜੌਤ ਕਾਰਨ ਮਾਲ ਗੱਡੀਆਂ ਨੂੰ ਚਲਾਉਣ ਲਈ ਕੱਲ੍ਹ ਕੀਤੀ ਮੀਟਿੰਗ ਤੋਂ ਬਾਅਦ ‌ਕਹਿ ਦਿੱਤਾ ਗਿਆ ਸੀ। ਅੱਜ ਮਾਲ ਗੱਡੀਆਂ ਨੂੰ ਲੰਘਣ ਦਾ ਐਲਾਨ ਮਾਨਸਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵੱਲੋਂ ਕੀਤਾ ਗਿਆ।

ਇਸ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਅੱਜ ਤੋਂ 5 ਨਵੰਬਰ ਤੱਕ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਸਪਲਾਈ ਵਾਸਤੇ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਅਗਲੀ ਸਮੀਖਿਆ ਵਾਸਤੇ 4 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ ਮੀਟਿੰਗ ਹੋਵੇਗੀ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਵੱਲੋਂ ਇਸ ਸੰਘਰਸ਼ ਵਿੱਚ, ਜੋ ਯੋਗਦਾਨ ਪਾਇਆ ਹੈ, ਉਸ ਦੇ ਨਤੀਜੇ ਵਜੋਂ ਹੀ ਛੇਤੀ ਕੇਂਦਰ ਦੀ ਮੋਦੀ ਸਰਕਾਰ ਉੱਪਰ ਅੰਨਦਾਤਾ ਦੀ ਸੰਘਰਸ਼ੀ ਜਿੱਤ ਹੋਵੇਗੀ।