‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅੱਜ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਵਿੱਚ ਸੂਬੇ ਦੇ ਕਿਸਾਨਾਂ ਅਤੇ ਖੇਤੀਬਾੜੀ ਨੂੰ ਬਚਾਉਣ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ (ਸੋਧ) ਬਿੱਲ ਨੂੰ ਮੁੱਢੋਂ ਰੱਦ ਕਰਦੇ ਮਤੇ ਦਾ ਖਰੜਾ ਸਦਨ ਵਿੱਚ ਪੇਸ਼ ਕੀਤਾ।
ਇਸ ਮੌਕੇ ਉਨ੍ਹਾਂ ਨੇ ਸੂਬੇ ਦੀਆਂ ਸਮੂਹ ਸਿਆਸੀ ਧਿਰਾਂ ਨੂੰ ਪੰਜਾਬ ਦੀ ਰਾਖੀ ਕਰਨ ਦੀ ਭਾਵਨਾ ਨਾਲ ਆਪਣੇ ਸਿਆਸੀ ਹਿੱਤਾਂ ਤੋਂ ਉੱਪਰ ਉੱਠਣ ਦੀ ਅਪੀਲ ਕੀਤੀ ਹੈ।
[Live] From Vidhan Sabha for an important Session to protect the farmers of Punjab from Anti-Farmer laws of the Central Government.
https://t.co/Row6QZEWun— Capt.Amarinder Singh (@capt_amarinder) October 20, 2020
ਕੇਂਦਰ ਦੇ ਖੇਤੀ ਕਾਨੂੰਨ ਦੇ ਖ਼ਿਲਾਫ਼ ਪੰਜਾਬ ਵਿਧਾਨਸਭਾ ਵਿੱਚ 4 ਬਿਲ ਪੇਸ਼ ਕੀਤੇ ਗਏ ਹਨ। ਇੰਨ੍ਹਾਂ ਵਿੱਚ ਇੱਕ ਬਿੱਲ ਵਿੱਚ ਕਿਸਾਨਾਂ ਦੀ MSP ਦੀ ਰਾਖੀ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਹੇਠਾਂ ਲਿਖੇ ਚਾਰ ਬਿੱਲ ਪੇਸ਼ ਕੀਤੇ ਗਏ ਹਨ।
ਕਿਸਾਨਾਂ ਦੇ ਹੱਕ ਵਿੱਚ ਪਹਿਲਾ ਬਿੱਲ
‘ਦਾ ਫਾਰਮਰ ਐਮਪਾਵਰ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਆਨ ਪ੍ਰਾਈਜ਼ ਐਂਡ ਫਾਰਮ ਸਰਵਿਸ ਸਪੈਸ਼ਲ ਪ੍ਰੋਵੀਜਨ ਐਂਡ ਪੰਜਾਬ ਅਮੈਂਡਮੈਂਟ ਬਿੱਲ 2020’ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਪਾਰੀ ਕਿਸਾਨਾਂ ‘ਤੇ MSP ਤੋਂ ਘੱਟ ਫਸਲ ਵੇਚਣ ਦਾ ਦਬਾਅ ਪਾਉਂਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਦੇ ਨਾਲ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।
ਕਿਸਾਨਾਂ ਦੇ ਹੱਕ ਵਿੱਚ ਦੂਜਾ ਬਿੱਲ
‘ਦਾ ਫਾਰਮਰ ਪ੍ਰੋਡੂਸ ਟਰੇਡ ਐਂਡ ਕਾਮਰਸ ਸਪੈਸ਼ਲ ਪ੍ਰੋਵੀਜ਼ਨ ਐਂਡ ਪੰਜਾਬ ਅਮੈਂਡਮੈਂਟ ਬਿੱਲ 2020’ ਬਿੱਲ
ਵੀ ਕਿਸਾਨਾਂ ਦੀ MSP ਨੂੰ ਲੈ ਕੇ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ MSP ਤੋਂ ਘੱਟ ਖਰੀਦ ਨੂੰ ਬਿਲਕੁਲ ਵੀ ਮਨਜ਼ੂਰੀ ਨਹੀਂ ਦੇਵੇਗੀ। ਇਸ ਤੋਂ ਇਲਾਵਾ ਸੋਧ ਬਿੱਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਟਰੇਡਰ ਨੇ ਕਿਸਾਨਾਂ ਨੂੰ ਪੇਮੈਂਟ ਦੇਣ ਲਈ ਪਰੇਸ਼ਾਨ ਕੀਤਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ।
ਕਿਸਾਨਾਂ ਦੇ ਹੱਕ ਵਿੱਚ ਤੀਜਾ ਬਿੱਲ
ਕਿਸਾਨਾਂ ਦੇ ਲਈ ਤੀਜਾ ਬਿੱਲ ਪੰਜਾਬ ਸਰਕਾਰ ਨੇ ਅਸੈਂਸ਼ੀਅਲ ਕਮੋਡਿਟੀ ਸਪੈਸ਼ਲ ਪ੍ਰੋਵੀਜ਼ਨ ਐਂਡ ਪੰਜਾਬ ਅਮੈਡਮੈਂਟ ਬਿੱਲ 2020’ ਲੈ ਕੇ ਆਈ ਹੈ ਜਿਸ ਨਾਲ ਅਨਾਜ ਦੀ ਕਾਲਾ ਬਜ਼ਾਰੀ ਨੂੰ ਰੋਕਿਆ ਜਾ ਸਕੇਗਾ। ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੇ ਹੱਕ ਨੂੰ ਬਚਾਉਣ ਦਾ ਮਕਸਦ ਹੈ।
ਕਿਸਾਨੀ ਦੇ ਹੱਕ ਵਿੱਚ ਚੌਥਾ ਬਿੱਲ
ਕਿਸਾਨਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਏ ਚੌਥੇ ਬਿੱਲ ਮੁਤਾਬਿਕ ਕਿਸਾਨਾਂ ਦੀ 2.5 ਏਕੜ ਤੋਂ ਵੱਧ ਜ਼ਮੀਨ ਅਟੈਚ ਨਹੀਂ ਕੀਤੀ ਜਾ ਸਕੇਗੀ। ਸੂਬਾ ਸਰਕਾਰ ਨੇ ‘ਕੋਡ ਆਫ਼ ਸਿਵਿਲ ਪ੍ਰੋਸੀਡਰ ਪੰਜਾਬ ਅਮੈਡਮੈਂਟ ਬਿੱਲ 2020’ ਵਿੱਚ ਇਹ ਮਤਾ ਰੱਖਿਆ ਹੈ।
ਖੇਤੀਬਾੜੀ ਦੇ ਠੇਕਿਆਂ ਨੂੰ ਲਾਗੂ ਕਰਨ ਦੇ ਨਤੀਜੇ ਵਜੋਂ ਜਾਂ ਆਪਣੀ ਜ਼ਮੀਨ ਦੀ ਕੁਰਕੀ / ਫੁਰਮਾਨ ਬਾਰੇ ਕਿਸਾਨਾਂ ਦੇ ਖਦਸ਼ੇ ਦੇ ਮੱਦੇਨਜ਼ਰ, ਰਾਜ ਸਰਕਾਰ ਇਸ ਬਿੱਲ ਰਾਹੀਂ ਛੋਟੇ ਕਿਸਾਨਾਂ ਅਤੇ ਹੋਰਾਂ ਨੂੰ ਜ਼ਮੀਨ ਦੀ ਕੁਰਕੀ ਜਾਂ ਫੁਰਮਾਨ ਤੋਂ ਪੂਰੀ ਛੋਟ ਦੇਣ ਦੀ ਮੰਗ ਕਰ ਰਹੀ ਹੈ।
ਵਿਰੋਧੀਆਂ ਨੇ ਬਿੱਲ ਦਾ ਕੀਤਾ ਸੁਆਗਤ
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੇ ਇਸ ਬਿੱਲ ਦਾ ਸਵਾਗਤ ਕੀਤਾ ਹੈ। ਮਜੀਠੀਆ ਨੇ ਸੁਝਾਅ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ MSP ਦੀ ਗਰੰਟੀ ਲੈਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਦੀ ਆਸ ਪੂਰੀ ਹੋਵੇ।
ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਮਦਦ ਦੇ ਨਾਲ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ। ਆਪ ਦੇ ਵਿਧਾਇਕ ਅਮਨ ਵਰਮਾ ਨੇ ਕਿਹਾ ਕਿ ਕਿਸਾਨਾਂ ‘ਤੇ MSP ਤੋਂ ਘੱਟ ਫਸਲ ਵੇਚਣ ਵਾਲੇ ਵਪਾਰੀਆਂ ਨੂੰ 3 ਸਾਲ ਦੀ ਸਜ਼ਾ ਦੇ ਨਾਲ ਕਿਸਾਨਾਂ ਨੂੰ ਇਨਸਾਫ਼ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਤੇ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਦਬਾਅ ਬਣਾਉਣਾ ਹੋਵੇਗਾ।
ਕੈਪਟਨ ਨੇ ਸੈਸ਼ਨ ‘ਚ ਕੀ ਕਿਹਾ
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ‘ਤੇ ਬਿਨਾਂ ਬਹਿਸ ਕੀਤੇ ਹੀ ਪਾਸ ਕਰ ਦਿੱਤਾ ਹੈ।
ਜੇਕਰ ਹਿੰਮਤ ਸੀ ਤਾਂ ਇਸ ‘ਤੇ ਬਹਿਸ ਕਰਦੇ, ਇਨ੍ਹਾਂ ਨੂੰ ਪਤਾ ਚੱਲਦਾ ਕਿ ਇਹ ਕਿਸਾਨਾਂ ਦੇ ਨਾਲ ਕੀ ਸਲੂਕ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਦੇ ਲਈ ਉਹ ਸਿਰਫ਼ ਤੇ ਸਿਰਫ਼ ਬੀਜੇਪੀ ਨੂੰ ਹੀ ਜ਼ਿੰਮੇਵਾਰੀ ਮੰਨਦੇ ਹਨ।
ਕਿਸਾਨਾਂ ਦੇ ਲਈ ਅਸਤੀਫ਼ਾ ਦੇਣ ਨੂੰ ਵੀ ਹਾਂ ਤਿਆਰ
ਕੈਪਟਨ ਨੇ ਕੇਂਦਰ ਸਰਕਾਰ ਨੂੰ ਵੱਡੀ ਚੁਣੌਤੀ ਦਿੰਦਿਆਂ ਕਿਹਾ ਕਿ ‘ਅਸਤੀਫ਼ਾ ਮੇਰੀ ਜੇਬ ਵਿੱਚ ਹੈ,ਮੇਰੀ ਸਰਕਾਰ ਨੂੰ ਤੁਸੀਂ ਡਿਸਮਿਸ ਕਰਨਾ ਚਾਉਂਦੇ ਹੋ ਤਾਂ ਕਰ ਦਿਓ,ਅਸੀਂ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ। ਕਿਸਾਨਾਂ ਦੇ ਪੇਟ ‘ਤੇ ਜਿਹੜੀ ਲੱਤ ਮਾਰੀ ਹੈ, ਮੈਂ ਉਸ ਦੇ ਸਾਹਮਣੇ ਆਪਣਾ ਸਿਰ ਨਹੀਂ ਝੁਕਾਵਾਂਗਾ’।
ਉਨ੍ਹਾਂ ਕਿਹਾ ਕਿ ‘ਆਪਰੇਸ਼ਨ ਬਲੂ ਸਟਾਰ ਵੇਲੇ ਵੀ ਮੈਂ ਅਸਤੀਫ਼ਾ ਦਿੱਤਾ ਸੀ, ਬਰਨਾਲਾ ਸਰਕਾਰ ਵੇਲੇ ਵੀ ਅਸਤੀਫ਼ਾ ਦਿੱਤਾ ਸੀ ਪਰ ਪੰਜਾਬ ਦੇ ਨਾਲ ਹਮੇਸ਼ਾ ਖੜਾਂ ਹਾਂ ਅਤੇ ਅੱਗੇ ਵੀ ਖੜਾਂਗਾ’।
ਕਿਸਾਨੀ ਨੂੰ ਵਿਰੋਧੀਆਂ ਤੋਂ ਬਚਾਉਣਾ ਹੈ ਸਮੇਂ ਦੀ ਮੰਗ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਇੱਕ ਸਮਾਂ ਸੀ, ਜਦੋਂ ਅਸੀਂ ਵਿਦੇਸ਼ੀ ਮੁਲਕਾਂ ਦੇ ਸਾਹਮਣੇ ਝੋਲੀਆਂ ਅੱਡ ਕੇ ਅਨਾਜ ਮੰਗਦੇ ਸੀ ਪਰ ਹੁਣ ਪੰਜਾਬ ਦੇ ਕਿਸਾਨਾਂ ਨੇ ਸਿਰਫ਼ ਸੂਬੇ ਦਾ ਪੇਟ ਹੀ ਨਹੀਂ ਭਰਿਆ ਬਲਕਿ ਪੂਰੇ ਦੇਸ਼ ਨੂੰ ਅਨਾਜ ਦਿੱਤਾ ਹੈ। ਹੁਣ ਉਸੇ ਅੰਨਦਾਤਾ ਨਾਲ ਅਜਿਹਾ ਸਲੂਕ ਬਰਦਾਸ਼ ਨਹੀਂ ਕੀਤਾ ਜਾਵੇਗਾ।
ਕਿਸਾਨ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਪਰ ਪੰਜਾਬ ਵਿਰੋਧੀ ਕੁੱਝ ਤਾਕਤਾਂ ਹਨ ਜਿੰਨ੍ਹਾਂ ਦੀ ਨਜ਼ਰ ਪੰਜਾਬ ‘ਤੇ ਹੈ। ਜੇਕਰ ਉਨ੍ਹਾਂ ਨੇ ਇਸ ਮੌਕੇ ਦੀ ਗ਼ਲਤ ਵਰਤੋਂ ਕੀਤੀ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ’।
ਕਿਸਾਨ ਦਾ ਪੁੱਤ ਸਰਹੱਦਾਂ ‘ਤੇ ਕਰ ਰਿਹਾ ਹੈ ਦੇਸ਼ ਦੀ ਰਾਖੀ
ਮੁੱਖ ਮੰਤਰੀ ਨੇ ਕਿਹਾ ਕਿ ‘ਪੰਜਾਬ ਦੇ ਕਿਸਾਨ ਅਤੇ ਜਵਾਨ ਨੇ ਹਮੇਸ਼ਾ ਦੇਸ਼ ਦੀ ਸੁਰੱਖਿਆ ਵਿੱਚ ਵੱਡਾ ਯੋਗਦਾਨ ਦਿੱਤਾ ਹੈ ਪਰ ਅੱਜ ਕਿਸਾਨਾਂ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ। ਜਿਹੜੇ ਜਵਾਨ ਸਿਆਚਿਨ ਦੀ ਪਹਾੜੀਆਂ ਵਿੱਚ ਦੁਸ਼ਮਣਾਂ ਨਾਲ ਲੜਾਈ ਲੜ ਰਹੇ ਹਨ, ਉਨ੍ਹਾਂ ਨੂੰ ਜਦੋਂ ਆਪਣੇ ਕਿਸਾਨ ਪਰਿਵਾਰ ਬਾਰੇ ਜਾਣਕਾਰੀ ਮਿਲੇਗੀ ਤਾਂ ਉਨ੍ਹਾਂ ‘ਤੇ ਕੀ ਬੀਤੇਗੀ’।
ਧਰਨਿਆਂ ਨਾਲ ਨਹੀਂ ਪਿਘਲੇਗੀ ਕੇਂਦਰ ਸਰਕਾਰ
ਕੈਪਟਨ ਨੇ ਕਿਹਾ ਕਿ ‘ਧਰਨਿਆਂ ਨਾਲ ਸੜਕਾਂ ਰੋਕਣ ਜਾਂ ਟੋਲ ਪਲਾਜ਼ਿਆਂ ਨੂੰ ਰੋਕਣ ਨਾਲ ਕੁੱਝ ਨਹੀਂ ਹੋਣਾ। ਸੂਬਾ ਆਰਥਿਕ ਤੌਰ ‘ਤੇ ਤੰਗ ਹੈ, ਇਸ ਲਈ ਕੇਂਦਰ ਨੂੰ ਧਿਆਨ ਦੇਣ ਚਾਹੀਦਾ ਹੈ। ਪੰਜਾਬ ਨੂੰ ਇਕੱਠਾ ਹੋਣਾ ਪਵੇਗਾ ਤੇ ਕਿਸਾਨੀ ਨਾਲ ਖੜ੍ਹਣਾ ਪਵੇਗਾ। ਅਸੀਂ ਖ਼ੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲੜਾਂਗੇ ਅਤੇ ਹਰ ਅਦਾਲਤ ਤੱਕ ਜਾਵਾਂਗੇ’।