Punjab

ਮੁਕਤਸਰ ‘ਚ ਕਿਸਾਨਾਂ ਖਿਲਾਫ ਪਹਿਲਾ ਕੇਸ ਹੋਇਆ ਦਰਜ, ਕਾਂਗਰਸੀ ਵਿਧਾਇਕ ਦਾ ਕਰ ਰਹੇ ਸੀ ਵਿਰੋਧ

‘ਦ ਖ਼ਾਲਸ ਬਿਊਰੋ:- ਮੁਕਤਸਰ ਸਾਹਿਬ ਦੇ ਪਿੰਡ ਗੁਰੂਸਰ ਵਿੱਚ ਕਾਂਗਰਸ ਵਿਧਾਇਕ ਦੇ ਵਿਰੋਧ ਤੇ ਘਿਰਾਓ ਨੂੰ ਲੈ ਕੇ 15 ਕਿਸਾਨਾਂ ਅਤੇ ਇੱਕ ਪੱਤਰਕਾਰ ‘ਤੇ ਮਾਮਲਾ ਦਰਜ ਹੋ ਗਿਆ ਹੈ। ਇਹ ਮੁਕਤਸਰ ਜ਼ਿਲ੍ਹੇ ਵਿੱਚ ਕਿਸਾਨਾਂ ਖ਼ਿਲਾਫ ਦਰਜ ਹੋਇਆ ਪਹਿਲਾ ਪਰਚਾ ਹੈ, ਜੋ ਥਾਣਾ ਕੋਟ ਭਾਈ ਵਿੱਚ ਦਰਜ ਹੋਇਆ ਹੈ।

ਮੁਕਤਸਰ ਸਾਹਿਬ ਦੇ ਪਿੰਡ ਗੁਰੁਸਰ ਵਿੱਚ ਕਾਂਗਰਸੀ ਵਿਧਾਇਕ ਦਾ ਕਾਲੇ ਝੰਡਿਆਂ ਦੇ ਨਾਲ ਵਿਰੋਧ ਕੀਤਾ ਗਿਆ ਸੀ। ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਪਿੰਡ ਦੇ ਇੱਕ ਘਰ ਵਿੱਚ ਪਹੁੰਚੇ ਸਨ, ਜਦੋਂ ਉਨ੍ਹਾਂ ਦੇ ਵਿਰੋਧ ਵਿੱਚ ਧਰਨੇ ਲੱਗ ਗਏ ਕਿਉਂਕਿ ਕਿਸਾਨ ਸਾਫ਼ ਕਰ ਚੁੱਕੇ ਹਨ ਕਿ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕੋਈ ਸਿਆਸਤਦਾਨ ਕਿਸੇ ਵੀ ਪਾਰਟੀ ਦਾ ਹੋਵੇ, ਪਿੰਡ ਵਿੱਚ ਨਾ ਆਏ, ਨਹੀਂ ਤਾਂ ਉਸ ਦਾ ਵਿਰੋਧ ਹੀ ਹੋਵੇਗਾ।

ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਆਪਣੇ ਘਰਾਂ ਦੇ ਬਾਹਰ ਪੋਸਟਰ ਲਗਾ ਦਿੱਤੇ ਸਨ ਕਿ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਲੀਡਰਾਂ ਦਾ ਪਿੰਡ ਵਿੱਚ ਆਉਣਾ ਮਨ੍ਹਾਂ ਹੈ।

ਕਿਸਾਨਾਂ ਵੱਲੋਂ ਸੰਘਰਸ਼ ਜਾਰੀ

ਮੁਹਾਲੀ ਦੇ ਫੇਜ਼ 11 ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਨੇ ਇੱਕ ਨਿੱਜੀ ਮਾਲ ਦੇ ਬਾਹਰ ਮੋਰਚਾ ਲਾਇਆ ਹੋਇਆ ਹੈ ਅਤੇ ਮਾਲ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਇਸ ਮਾਲ ਨੂੰ ਨਾ ਖੋਲ੍ਹਣ ਦੇਣ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਸੰਘਰਸ਼ ਜਾਰੀ ਹੈ। ਕਿਸਾਨ ਪਿਛਲੇ ਕਈ ਦਿਨਾ ਤੋਂ ਸੜਕਾਂ ਤੇ ਰੇਲਵੇ ਲਾਈਨਾਂ ‘ਤੇ ਡਟੇ ਹੋਏ ਹਨ ਤੇ ਕੇਂਦਰ ਖਿਲਾਫ ਜੰਮ ਕੇ ਗੁੱਸਾ ਕੱਢ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕੇਂਦਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ।