India Sports

ਓਲੰਪਿਕ ਦੇ ਪੂਲ B ’ਚ ਭਾਰਤੀ ਹਾਕੀ ਟੀਮ ਟਾਪ ’ਤੇ ਪਹੁੰਚੀ! ਆਇਰਲੈਂਡ ਨੂੰ ਹਰਾਉਣ ’ਚ ਹਰਮਨਪ੍ਰੀਤ ਰਹੇ ਮੈਚ ਦੇ ਹੀਰੋ

ਬਿਉਰੋ ਰਿਪੋਰਟ – ਓਲੰਪਿਕ ਹਾਕੀ ਦੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਦਾ ਅੱਜ ਸ਼ਾਨਦਾਰ ਦਿਨ ਰਿਹਾ। ਟੀਮ ਇੰਡੀਆ ਨੇ ਆਇਰਲੈਂਡ ਨੂੰ 2-0 ਦੇ ਫਰਕ ਨਾਲ ਹਰਾ ਦਿੱਤਾ ਹੈ। ਕਪਤਾਨ ਹਰਮਨਪ੍ਰੀਤ ਸਿੰਘ ਨੇ ਹੀ ਦੋਵੇਂ ਗੋਲ ਕੀਤੇ ਹਨ। ਇਸ ਦੇ ਨਾਲ ਭਾਰਤ ਪੂਲ -B ਵਿੱਚ ਟਾਪ ’ਤੇ ਪਹੁੰਚ ਗਿਆ ਹੈ। ਹੁਣ ਕੁਆਰਟਰ ਫਾਈਨਲ ਵਿੱਚ ਭਾਰਤ ਦੀ ਦਾਅਵੇਦਾਰੀ ਮਜ਼ਬੂਤ ਹੋ ਗਈ ਹੈ। ਭਾਰਤ ਦਾ ਅਗਲਾ ਮੁਕਾਬਲਾ 1 ਅਗਸਤ ਨੂੰ ਬੈਲਜੀਅਮ ਨਾਲ ਹੋਵੇਗਾ ਇਸ ਤੋਂ ਬਾਅਦ ਆਸਟ੍ਰੇਲੀਆ ਨਾਲ ਅਖ਼ੀਰਲਾ ਮੈਚ ਹੋਵੇਗਾ।

27 ਜੁਲਾਈ ਨੂੰ ਭਾਰਤ ਨੇ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ 3-2 ਦੇ ਫਰਕ ਨਾਲ ਹਰਾਇਆ ਇਸ ਤੋਂ ਬਾਅਦ ਬੀਤੇ ਦਿਨ ਅਰਜਨਟੀਨਾ ਦੇ ਨਾਲ ਕਰੜੇ ਮੁਕਾਬਲੇ ਵਿੱਚ ਮੈਚ ਡ੍ਰਾਅ ਰਿਹਾ ਹੈ। ਮੈਚ ਖ਼ਤਮ ਹੋਣ ਦੇ ਪੌਣੇ 2 ਮਿੰਟ ਪਹਿਲਾਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨੈਲਟੀ ਕਾਰਨ ਦੇ ਜ਼ਰੀਏ ਗੋਲ ਕਰਕੇ ਟੀਮ ਨੂੰ ਬਰਾਬਰੀ ’ਤੇ ਲੈ ਕੇ ਆਏ ਸਨ।

ਇਸ ਤੋਂ ਪਹਿਲਾਂ ਨਿਸ਼ਾਨੇਬਾਜ ਮਨੂੰ ਭਾਕਰ (Manu Bhakar) ਨੇ ਪੈਰਿਸ ਓਲਿੰਪਕ (Paris Olympic) ਵਿੱਚ ਇਤਿਹਾਸ ਰਚਦਿਆਂ ਇੱਕੋ ਖੇਡ ਵਿੱਚ ਦੋ ਤਗਮੇ ਜਿੱਤ ਲਏ ਹਨ। ਇੱਕੋ ਓਲਿੰਪਕ ਵਿੱਚ ਦੋ ਤਗਮੇ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂੰ ਅਤੇ ਸਰਬਜੋਤ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਪਿਸਟਲ ਮਿਕਸਡ ਟੀਮ ਈਵੈਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਦੋਵਾਂ ਨੇ ਇਸ ਮੁਕਾਬਲੇ ਵਿੱਚ ਕੋਰੀਆ ਨੂੰ 16-10 ਦੇ ਫ਼ਰਕ ਨਾਲ ਹਰਾਇਆ ਹੈ।

ਦੱਸ ਦੇਈਏ ਕਿ ਪੈਰਿਸ ਓਲਿੰਪਕ ਵਿੱਚ ਭਾਰਤ ਨੇ ਇਹ ਦੂਜਾ ਤਗਮਾ ਜਿੱਤਿਆ ਹੈ। ਮਨੂੰ ਵੱਲੋਂ ਦੋ ਦਿਨ ਪਹਿਲਾਂ 10 ਮੀਟਰ ਮਹਿਲਾ ਪਿਸਟਲ ਮੁਕਾਬਲੇ ਵਿੱਚ ਤੀਜੇ ਸਥਾਨ ਤੇ ਰਹਿ ਕੇ ਕਾਂਸੇ ਦਾ ਤਗਮਾ ਜਿੱਤਿਆ ਸੀ।