ਬਿਉਰੋ ਰਿਪੋਰਟ: ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀਆਂ ਐਂਬੂਲੈਂਸਾਂ ਸੇਵਾਵਾਂ ਵਿੱਚ ਧਾਰਮਿਕ ਆਧਾਰ ’ਤੇ ਵਿਤਕਰਾ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਐਂਬੂਲੈਂਸਾਂ ਵਿੱਚ ਕੰਮ ਕਰਨ ਵਾਲੇ ਸਾਰੇ ਮਰਦਾਂ ਨੂੰ ਹੁਣ ਸ਼ੇਵ ਕਰ ਕੇ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇੱਥੋਂ ਤੱਕ ਕਿ ਪੈਰਾਮੈਡਿਕ ਸਟਾਫ਼ ਨੂੰ ਧਾਰਮਕ ਆਧਾਰ ’ਤੇ ਵੀ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਹੁਕਮ ਕਰਕੇ ਸਿੱਖ ਵਿਦਿਆਰਥੀਆਂ ਕਾਫੀ ਚਿੰਤਿਤ ਨਜ਼ਰ ਆ ਰਹੇ ਹਨ। ਸਿੱਖਾਂ ਦੇ ਨਾਲ-ਨਾਲ ਦਾੜ੍ਹੀ ਰੱਖਣ ਵਾਲੇ ਮੁਸਲਮਾਨ ਤੇ ਯਹੂਦੀ ਭਾਈਚਾਰੇ ਦੇ ਵਿਦਿਆਰਥੀ ਵੀ ਇਸ ਕਾਨੂੰਨ ’ਤੇ ਸਖ਼ਤ ਇਤਰਾਜ਼ ਜ਼ਾਹਰ ਕਰ ਰਹੇ ਹਨ।
ਦਰਅਸਲ ਐਂਬੂਲੈਂਸਾਂ ਵਿੱਚ ਕੰਮ ਕਰਦੇ ਪੈਰਾਮੈਡਿਕਸ ਨੂੰ ਅਪਣੇ ਚਿਹਰੇ ’ਤੇ ਬੜੀ ਸਖ਼ਤੀ ਨਾਲ ਇੱਕ ਮਾਸਕ ਬੰਨ੍ਹਣਾ ਪੈਂਦਾ ਹੈ। ਧਾਰਮਿਕ ਦਾੜ੍ਹੀ ਰੱਖਣ ਵਾਲੇ ਵਿਕਟੋਰੀਆ ਦੇ ਮਰਦਾਂ ਨੂੰ ਇਸੇ ਮਾਸਕ ਨੀਤੀ ਦੇ ਕਾਰਨ ਪੈਰਾ ਮੈਡੀਕਲ ਦੇ ਤੌਰ ’ਤੇ ਕੰਮ ਕਰਨ ’ਤੇ ਪਾਬੰਦੀ ਲਗਾਈ ਗਈ ਹੈ, ਜਦਕਿ ਹੋਰ ਰਾਜਾਂ ਅਤੇ ਦੇਸ਼ਾਂ ਵਿੱਚ ਧਾਰਮਿਕ ਵਿਸ਼ਵਾਸ ਵਾਲੇ ਮਰਦਾਂ ਲਈ ਵਿਕਲਪਿਕ ਰਸਪੀਰੇਟਰ ਵਰਤੇ ਜਾ ਰਹੇ ਹਨ।
ਵਿਆਪਕ ਦਬਾਅ ਕਾਰਣ ਉਂਝ ਹੁਣ ‘ਐਂਬੂਲੈਂਸ ਵਿਕਟੋਰੀਆ’ ਅਤੇ ‘ਵਰਕ-ਸੇਫ਼’ ਵਲੋਂ ਮਾਸਕ ਫ਼ਿਟ ਤਕਨੀਕ ਦੇ ਪ੍ਰੀਖਣ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਵਿਕਟੋਰੀਆ ਦੀਆਂ ਐਂਬੂਲੈਂਸਾਂ ’ਚ ਕੰਮ ਕਰਨ ਵਾਲੇ ਸਾਰੇ ਮਰਦਾਂ ਨੂੰ ਹੁਣ ਸ਼ੇਵ ਕਰ ਕੇ ਰੱਖਣ ਦੇ ਹੁਕਮ ਹਨ।
ਨਿਊ ਸਾਊਥ ਵੇਲਜ਼, ਦਖਣੀ ਆਸਟ੍ਰੇਲੀਆ ਤੇ ਪੱਛਮੀ ਆਸਟ੍ਰੇਲੀਆ ’ਚ ਚੰਗੀ ਤਰ੍ਹਾਂ ਦਾੜ੍ਹੀ ਬੰਨ੍ਹ ਕੇ ਆਏ ਸਿੱਖਾਂ ਨੂੰ ਮਾਸਕ ਪਹਿਨਣ ਦੀ ਪੂਰੀ ਆਜ਼ਾਦੀ ਹੈ। ਪਰ ਵਿਕਟੋਰੀਆ ਸੂਬੇ ’ਚ ਅਜਿਹੀ ਮਨਜ਼ੂਰੀ ਨਹੀਂ ਹੈ। ਇਸੇ ਲਈ ਇਥੋਂ ਦੇ ਸਿੱਖ ਵਿਦਿਆਰਥੀ ਸੂਬੇ ਦੇ ਕਾਨੂੰਨ ਨੂੰ ਪੱਖਪਾਤੀ ਅਤੇ ਵਿਤਕਰਾਪੂਰਨ ਕਰਾਰ ਦੇ ਰਹੇ ਹਨ।
ਸਿੱਖ ਭਾਈਚਾਰੇ ਵਿੱਚ ਭਾਰੀ ਰੋਸ
ਸਿੱਖ ਭਾਈਚਾਰਾ ਵਿਕਟੋਰੀਆ ਦੀਆਂ ਵੱਡੀਆਂ ਆਫ਼ਤਾਂ ਵਿੱਚ ਇੱਕ ਮਜ਼ਬੂਤ ਸਹਾਰਾ ਬਣਿਆ ਹੈ, ਜੰਗਲਾਂ/ਝਾੜੀਆਂ ਦੀ ਅੱਗ ਅਤੇ ਹੜ੍ਹਾਂ ਦੌਰਾਨ ਭੋਜਨ ਤੇ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। ਵਿਕਟੋਰੀਅਨ ਸਿੱਖ ਗੁਰਦੁਆਰੇ ਕੌਂਸਲ ਦੇ ਸਕੱਤਰ ਹਰਮੀਕ ਸਿੰਘ ਨੇ ਕਿਹਾ, “ਇਹ ਸਾਡੇ ਵਿਸ਼ਵਾਸ ਦਾ ਹਿੱਸਾ ਹੈ, ਨਿਰਸਵਾਰਥ ਸੇਵਾ। ਅਸੀਂ ਬਹੁਤ ਨਿਰਾਸ਼ ਹਾਂ। ਅਸੀਂ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਨਾਲ ਅਸਲ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ।”
ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ਵਿੱਚ ਵਿਕਟੋਰੀਆ ਦੀ ਸਿਹਤ ਮੰਤਰੀ ਮੈਰੀ-ਐਨ ਥਾਮਸ ਨਾਲ ਮੁਲਾਕਾਤ ਕਰਨ ਲਈ ਇੱਕ ਵਫ਼ਦ ਦੀ ਅਗਵਾਈ ਕੀਤੀ ਤਾਂ ਜੋ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਦੱਸਿਆ ਜਾ ਸਕੇ।