India Punjab

ਕੇਜਰੀਵਾਲ ਦੀਆਂ 5 ਗਰੰਟੀਆਂ ਬਾਰੇ ਖਹਿਰਾ ਨੇ ਹਰਿਆਣਵੀਆਂ ਨੂੰ ਕੀਤਾ ਸਾਵਧਾਨ! ਦਿੱਤੀ ਖ਼ਾਸ ਸਲਾਹ

Sukhpal Khaira

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀਆਂ ਵੱਲੋਂ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀਆਂ 5 ਗਰੰਟੀਆਂ ’ਤੇ ਪੰਜਾਬ ਕਾਂਗਰਸ ਦੇ ਲੀਡਰ ਸੁਖਪਾਲ ਖਹਿਰਾ ਨੇ ਤੰਜ ਕੱਸਿਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ‘ਫਰਜ਼ੀ ਇਨਕਲਾਬੀ’ ਕਹਿੰਦਿਆਂ ਹਰਿਆਣਾ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ, “ਅਸੀਂ ਕਾਂਗਰਸੀ ਹਰਿਆਣਾ ਦੇ ਵੋਟਰਾਂ ਨੂੰ ਇਨ੍ਹਾਂ ਫਰਜ਼ੀ ਇਨਕਲਾਬੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹਾਂ, ਜਿਨ੍ਹਾਂ ਨੇ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਵੋਟਰਾਂ ਨੂੰ ਧੋਖਾ ਦੇਣ ਲਈ ਅਜਿਹੇ ਵੱਡੇ ਵਾਅਦੇ ਕੀਤੇ ਸਨ।”

ਖਹਿਰਾ ਨੇ ਅੱਗੇ ਲਿਖਿਆ, “ਆਪਣੀ ਗਲਤੀ ਦਾ ਅਹਿਸਾਸ ਕਰਨ ਤੋਂ ਬਾਅਦ ਪੰਜਾਬ ਨੇ ਇਹਨਾਂ ਨਕਲੀ ਇਨਕਲਾਬੀਆਂ ਨੂੰ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਦੌਰਾਨ ਸਜ਼ਾ ਦਿੱਤੀ, ਜਿੱਥੇ ‘ਆਪ’ ਨੇ ਆਪਣਾ 16% ਵੋਟ ਸ਼ੇਅਰ ਗੁਆ ਦਿੱਤਾ, ਆਪਣੇ 92 ਵਿਧਾਨ ਸਭਾ ਹਲਕਿਆਂ ਵਿੱਚੋਂ 59 ਵਿੱਚ ਹਾਰ ਗਈ ਤੇ 13 ਲੋਕ ਸਭਾ ਸੀਟਾਂ ਵਿੱਚੋਂ 10 ਵੀ ਗੁਆ ਦਿੱਤੀਆਂ! ਭ੍ਰਿਸ਼ਟਾਚਾਰ ਵਿਰੋਧੀ ਮੰਚ ’ਤੇ ਸ਼ੁਰੂ ਹੋਈ ਪਾਰਟੀ ਦੇ ਜ਼ਿਆਦਾਤਰ ਆਗੂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਆਦਿ ਵਰਗੇ ਹਨ, ਜੋ ਬਦਨਾਮ ਦਿੱਲੀ ਸ਼ਰਾਬ ਘੋਟਾਲੇ ਵਿੱਚ ਆਪਣੀ ਸ਼ਮੂਲੀਅਤ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹਨ!”

ਖਹਿਰਾ ਨੇ ਸੀਐਮ ਭਗਵੰਤ ਮਾਨ ’ਤੇ ਵੀ ਵਾਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ VIP ਕਲਚਰ ਕੀ ਹੈ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਭਗਵੰਤ ਮਾਨ ਦੀ ਜੀਵਨ ਸ਼ੈਲੀ ਦੇਖੋ! ਇਸ ਲਈ ਉਹਨਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਸਾਵਧਾਨ ਰਹੋ!

ਦਰਅਸਲ ਹਰਿਆਣਾ ਵਿਧਾਨਸਭਾ ਦੀ ਚੋਣ ਜਿੱਤਣ ਲਈ ਬੀਤੇ ਦਿਨ ਆਮ ਆਦਮੀ ਪਾਰਟੀ ਨੇ ਪੰਚਕੁਲਾ ਵਿੱਚ 5 ਗਰੰਟੀਆਂ ਜਾਰੀ ਕੀਤੀਆਂ ਹਨ। ਇਹ ਗਰੰਟੀਆਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਸੰਜੇ ਸਿੰਘ ਨੇ ਜਾਰੀ ਕੀਤੀਆਂ ਹਨ। ਇਸ ਵਿੱਚ ਹਰਿਆਣਾ ’ਚ ਮੁਫ਼ਤ ਬਿਜਲੀ, ਮੁਫ਼ਤ ਇਲਾਜ, ਚੰਗੀ ਸਿੱਖਿਆ, ਔਰਤਾਂ ਨੂੰ ਮਹੀਨਾਵਾਰ 1 ਹਜ਼ਾਰ ਰੁਪਏ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗਰੰਟੀ ਸ਼ਾਮਲ ਹੈ।

ਇਹ ਵੀ ਪੜ੍ਹੋ – ਭਲਕੇ ਤੋਂ ਦੋ ਦਿਨ ਪੰਜਾਬ ’ਚ ਪਵੇਗਾ ਮੀਂਹ! 12 ਜ਼ਿਲ੍ਹਿਆਂ ਲਈ ਮੀਂਹ ਦਾ ਪੀਲਾ ਅਲਰਟ