Punjab

ਪੰਜਾਬ ਦੀ ਹੱਦ ਅੰਦਰ ਹੀ ਹੋਈ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ, SIT ਦੀ ਰਿਪੋਰਟ ‘ਚ ਹੋਏ ਵੱਡੇ ਖੁਲਾਸੇ, ਵਿਰੋਧੀ ਧਿਰਾਂ ਨੇ ਘੇਰੀ ਮਾਨ ਸਰਕਾਰ

ਮੁਹਾਲੀ : ਲਾਰੈਂਸ ਬਿਸ਼ਨੋਈ ਦੀ ਹਿਰਾਸਤੀ ਇੰਟਰਵਿਊ ਸਬੰਧੀ ਬਣਾਈ ਗਈ ਐਸਆਈਟੀ ਨੇ ਖੁਲਾਸਾ ਕੀਤਾ ਹੈ ਕਿ ਉਸ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਹੱਦ ਅੰਦਰ ਹੋਈ ਸੀ। ਇੰਟਰਵਿਊ ਲਈ ਸਿਗਨਲ ਐਪ ਦੀ ਵਰਤੋਂ ਕੀਤੀ ਗਈ ਸੀ ਅਤੇ ਜਲਦੀ ਹੀ ਇਸ ਨੂੰ ਜ਼ਬਤ ਕਰ ਲਿਆ ਜਾਵੇਗਾ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸਪੈਸ਼ਲ ਡੀਜੀਪੀ ਮਨੁੱਖੀ ਅਧਿਕਾਰ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਐਸਆਈਟੀ ਨੂੰ ਸੌਂਪੀ ਸੀ।

ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਲ ਯਾਦਵ ‘ਤੇ ਨਿਸ਼ਾਨਾ ਸਾਧਿਆ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ , ਗ੍ਰਹਿ ਮੰਤਰੀ ਭਗਵੰਤ ਮਾਨ ਅਤੇ DGP ਸਾਬ ਤਾਂ ਕਹਿੰਦੇ ਸੀ ਕਿ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ

ਇੱਕ ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਦਾ ਇੱਕ ਹੋਰ ਝੂਠ ਬੇਨਕਾਬ। ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ SIT ਨੇ ਸਪਸ਼ੱਟ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਹੀ ਹੋਈ ਸੀ। ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ , ਗ੍ਰਹਿ ਮੰਤਰੀ ਭਗਵੰਤ ਮਾਨ ਅਤੇ DGP ਸਾਬ ਤਾਂ ਕਹਿੰਦੇ ਸੀ ਕਿ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਭ ਲਈ ਸਿੱਧਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਹੈ ਜੋ ਇੱਕ ਪਾਸੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ ਤੇ ਦੂਜੇ ਪਾਸੇ ਪੰਜਾਬੀਆਂ ਨੂੰ ਝੂਠ ਬੋਲਕੇ ਬੁੱਧੂ ਬਣਾ ਰਿਹਾ ਹੈ ।  ਹੁਣ ਸੱਚ ਸਾਹਮਣੇ ਆਉਣ ‘ਤੇ ਭਗਵੰਤ ਮਾਨ ਨੂੰ ਨੈਤਿਕਤਾ ਦੇ ਅਧਾਰ ‘ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਪੰਜਾਬੀ ਸਭ ਜਾਣ ਚੁੱਕੇ ਹਨ।

ਦੂਜੇ ਬੰਨੇ ਵਿਰੋਧੀ ਧਿਰ ਦੇ ਲੀਡਰ ਅਤੇ ਪੰਜਾਬ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵੇ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੁਖੀ ਡੀਜੀਪੀ (HR) ਪ੍ਰਬੋਧ ਕੁਮਾਰ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਹੋਈ ਸੀ।

ਇਹ ਪੰਜਾਬ ਸਰਕਾਰ ਦੀ ਇੱਕ ਗੰਭੀਰ ਕੋਤਾਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਅਤੇ ਜੇਲ੍ਹ ਮੰਤਰੀ ਹੋਣ ਦੇ ਨਾਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਸਟਰਾਂ ਨੂੰ ਦਿੱਤੀ ਜਾਣ ਵਾਲੀ ਇਸ ਖੁੱਲ੍ਹੀ ਦੌੜ ਲਈ ਜ਼ਿੰਮੇਵਾਰ ਹਨ।

ਕਾਂਗਰਸ  ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ…ਪੰਜਾਬ ਦੇ ਲੋਕ ਆਪ ਆਦਮੀ ਤੋਂ ਜਵਾਬ ਮੰਗਦੇ ਹਨ। ਇੱਕ ਗੈਂਗਸਟਰ ਲਈ ਜੇਲ੍ਹ ਅੰਦਰੋਂ ਇੰਟਰਵਿਊ ਦੇਣਾ ਕਿਵੇਂ ਸੰਭਵ ਹੈ? ਜਦੋਂ ਕਾਤਲਾਂ ਨੂੰ ਅਜਿਹੀ ਆਜ਼ਾਦੀ ਦਿੱਤੀ ਜਾਂਦੀ ਹੈ ਤਾਂ ਜਨਤਾ ਸੁਰੱਖਿਅਤ ਕਿਵੇਂ ਮਹਿਸੂਸ ਕਰ ਸਕਦੀ ਹੈ? ਅਸੀਂ ਅਜਿਹੀ ਸਰਕਾਰ ਤੋਂ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਉਮੀਦ ਨਹੀਂ ਕਰ ਸਕਦੇ। ਜਿੱਥੇ ਗੈਂਗਸਟਰ ਪ੍ਰਸ਼ਾਸਨ ‘ਤੇ ਇੰਨੀ ਤਾਕਤ ਰੱਖਦੇ ਹਨ। ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਪੰਜਾਬ ਲਈ ਕਾਲੇ ਦਿਨ ਆ ਰਹੇ ਹਨ।

 

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ

  • ਮੁੱਖ ਮੰਤਰੀ ਭਗਵੰਤ ਮਾਨ ਸਾਬ ਦਾ ਇਕ ਹੋਰ ਵੱਡਾ ਝੂਠ ਬੇਨਕਾਬ।
  • ਮੁੱਖ ਮੰਤਰੀ ਤੇ ਡੀ ਜੀ ਪੀ ਨੇ ਦਾਅਵਾ ਕੀਤਾ ਸੀ ਕਿ ਲਾਰੰਸ ਬਿਸ਼ਨੋਈ ਦੀ ਪ੍ਰਾਈਵੇਟ ਚੈਨਲ ਨਾਲ ਇੰਟਰਵਿਊ ਪੰਜਾਬ ਦੀ ਜੇਲ੍ਹ ਵਿਚੋਂ ਨਹੀਂ ਹੋਈ।
  • ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ SIT ਨੇ ਸਪੱਸ਼ਟ ਦੱਸ ਦਿੱਤਾ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ਵਿਚ ਹੀ ਹੋਈ ਸੀ।
  • ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਜੇਲ੍ਹ ਮੰਤਰੀ ਜੀ, ਹੁਣ ਦਿਓ ਜਵਾਬ ਪੰਜਾਬੀਆਂ ਨੂੰ ਕਿਉਂ ਤੁਹਾਡੇ ਤੋਂ ਅਸਤੀਫਾ ਨਾ ਮੰਗਿਆ ਜਾਵੇ।
  • ਤੁਸੀਂ ਗੈਂਗਸਟਰਾਂ ਨਾਲ ਰਲ ਕੇ ਖੇਡ ਰਹੇ ਹੋ
  • ਪੰਜਾਬ ਨੂੰ ਗੈਂਗਸਟਰਾਂ ਹਵਾਲੇ ਕਰ ਦਿੱਤਾ। ਗੈਂਗਸਟਰ ਜੇਲ੍ਹਾਂ ਵਿਚੋਂ ਬੈਠ ਕੇ ਸਾਮਰਾਜ ਚਲਾ ਰਹੇ ਹਨ। ਪੁਸ਼ਤਪਨਾਹੀ ਤੁਸੀਂ ਕਰ ਰਹੇ ਹੋ।
  • ਪੰਜਾਬ ਦਾ ਬੇੜਾ ਗਰਕ ਇਕੱਲਿਆਂ ਤੁਸੀਂ ਤੇ ਤੁਹਾਡੇ ਆਪ ਸਰਕਾਰ ਨੇ ਕਰ ਦਿੱਤਾ ਹੈ।
  • ਕਿਉਂ ਨਾ ਜੇਲ੍ਹ ਮੰਤਰੀ ਹੋਣ ਦੇ ਨਾਅਤੇ ਤੁਹਾਡੇ ’ਤੇ ਪਰਚਾ ਦਰਜ ਹੋਵੇ।
  • ਕਿਉਂ ਨਾ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇ

ਪੰਜਾਬ ਜਵਾਬ ਮੰਗਦਾ ਹੈ।

 

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕੀ ਹੈ ਕਿ ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਜੇਲ੍ਹਾਂ ਵਿੱਚੋਂ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਹਾਈ ਕੋਰਟ ਵਿੱਚ ਮੰਨਿਆ ਹੈ ਕਿ ਲਾਰੇਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਇੱਕ ਜੇਲ੍ਹ ਵਿੱਚੋਂ ਹੋਈ ਸੀ। ਇਹ ਵੀ ਸਪੱਸ਼ਟ ਹੈ ਕਿ ਸਿੱਧੂ ਮੂਸੇਵਾਲਾਦੇ ਕਾਤਲਾਂ ਨੂੰ ਅਜਿਹੀਆਂ ਸਹੂਲਤਾਂ ਉਸ ਦੇ ਦਿਨ-ਦਿਹਾੜੇ ਕਤਲ ਦੀ ਡੂੰਘੀ ਜੜ੍ਹਾਂ ਵਾਲੀ ਸਾਜ਼ਿਸ਼ ਨੂੰ ਦਰਸਾਉਂਦੀਆਂ ਹਨ ਜਿਸਦੀ ਡੂੰਘੀ ਜਾਂਚ ਦੀ ਲੋੜ ਹੈ ਜਿਸ ਵਿੱਚ ਉਹਨਾਂ ਦੀ ਭੂਮਿਕਾ ਵੀ ਸ਼ਾਮਲ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਉਸਦੀ ਸੁਰੱਖਿਆ ਵਾਪਸੀ ਦੇ ਵੇਰਵੇ ਸਾਂਝੇ ਕੀਤੇ ਸਨ। ਪੰਜਾਬ ਕਾਂਗਰਸ ਸਾਰੇ ਦੋਸ਼ੀਆਂ ਖਿਲਾਫ ਇਨਸਾਫ ਅਤੇ ਸਖਤ ਕਾਰਵਾਈ ਦੀ ਮੰਗ ਕਰਦਾ ਹੈ ਕਿ ਉਹ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ।

 

ਪੰਜਾਬ ਪੁਲਿਸ ਦੀ SIT ਕਰ ਰਹੀ ਸੀ ਜਾਂਚ

ਪੰਜਾਬ ਪੁਲਿਸ ਦੀ SIT ਨੂੰ ਸਵਾ ਸਾਲ ਇਹ ਦੱਸਦਿਆਂ ਲੱਗ ਗਏ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚੋਂ ਹੀ ਹੋਈ। ਇਸ ਖੁਲਾਸੇ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਕਿਉਂਕਿ ਉਸਨੇ ਇਹ ਦਾਅਵਾ ਕੀਤਾ ਸੀ ਪੰਜਾਬ ਦੀ ਜੇਲ੍ਹ ਵਿੱਚੋਂ ਨਹੀਂ ਹੋਈ ਤੇ ਇਹ ਪੰਜਾਬ ਨੂੰ ਬਦਨਾਮ ਕਰਨ ਦੇ ਇੱਕ ਵੱਡੀ ਸਾਜਿਸ਼ ਸੀ।

ਅਸੀਂ ਡੀਜੀਪੀ ਦੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਦਾਅਵੇ ਨਾਲ ਸਹਿਮਤ ਹਾਂ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਇਸ ਇੰਟਰਵਿਊ ਮਗਰ ਅਸਲ ਸਾਜ਼ਿਸ਼ ਅਤੇ ਤਾਕਤ ਕੌਣ ਸੀ। ਪੰਜਾਬ ਸਰਕਾਰ ਅਤੇ ਪੁਲਿਸ ਨੇ ਇਸ ਬਾਰੇ ਸਵਾ ਸਾਲ ਕਿਉਂ ਲਾਇਆ? ਵੱਡੇ ਸੁਆਲ ਤੇ ਖ਼ਦਸ਼ੇ ਹਾਲੇ ਵੀ ਖੜ੍ਹੇ ਨੇ। ਇਹ ਵੀ ਨਹੀਂ ਪਤਾ ਕਿ ਹੁਣ ਖ਼ੁਲਾਸਾ ਕਰਨ ਮਗਰ ਵੀ ਕੋਈ ਡੂੰਘਾ ਏਜੰਡਾ ਹੋਵੇ।

ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਅਮਨ-ਕਾਨੂੰਨ ਦੇ ਵਿਗੜ ਰਹੇ ਹਲਾਤਾਂ ਨੂੰ ਕਾਬੂ ਕਰਨ ਵਿੱਚ ਨਾਕਾਮਯਾਬ ਰਿਹਾ ਹੈ ਅਤੇ ਹੁਣ ਗੈਂਗਸਟਰਾਂ ਨੂੰ ਖੁੱਲ੍ਹੇਆਮ ਪੈਰੋਲ ਦਿੱਤੀ ਜਾ ਰਹੀ ਹੈ ਅਤੇ ਜੇਲ੍ਹਾਂ ਵਿੱਚੋਂ ਇੰਟਰਵਿਊ ਦੇਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਇੱਕ ਸਾਲ ਪਹਿਲਾਾਂ ਹੋਈ ਸੀ ਲਾਰੈਂਸ ਦੀ ਇੰਟਰਵਿਊ

ਜ਼ਿਕਰ ਯੋਗ ਹੈ ਕਿ ਪਿਛਲੇ ਸਾਲ ਇੱਕ ਪ੍ਰਾਈਵੇਟ ਚੈਨਲ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਟੈਲੀਕਾਸਟ ਕੀਤੀ ਸੀ ਜਿਸ ‘ਤੇ ਮੱਚੇ ਹੰਗਾਮੇ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਕਰ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਨਹੀਂ ਬਲਕਿ ਕਿਸੇ ਬਾਹਰਲੀ ਜੇਲ੍ਹ ਵਿੱਚ ਹੋਈ ਹੈ ਅਤੇ ਡੀਜੀਪੀ ਦੇ ਦਾਅਵੇ ਤੋਂ ਬਾਅਦ ਦੁਬਾਰਾ ਫਿਰ ਲਾਰੈਂਸ ਬਿਸ਼ਨੋਈ ਨੇ ਇੱਕ ਹੋਰ ਇੰਟਰਵਿਊ ਦੇ ਦਿੱਤੀ, ਪਰ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਇਹ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪੁੱਜਿਆ ਤਾਂ ਹਾਈ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਦੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਅਤੇ ਸਿੱਟ ਬਣਨ ਤੋਂ ਬਾਅਦ ਇਸ ਮਾਮਲੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ।

ਲੰਘੇ ਕੱਲ੍ਹ ਇਸ ਮਾਮਲੇ ਵਿੱਚ ਇਹ ਖੁਲਾਸੇ ਵਾਲੀ ਸਟੇਟਸ ਰਿਪੋਰਟ ਸਬਮਿਟ ਕੀਤੀ ਗਈ ਹਾਲਾਂਕਿ ਗੈਂਗਸਟਰ ਲਾਰਸ ਬਿਸ਼ਨੋਈ ਦੀਆਂ ਜੇਲ੍ਹ ਵਿੱਚੋਂ ਵੀਡੀਓ ਜਾਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਅਜੇ ਕੁਝ ਦਿਨ ਪਹਿਲਾਂ ਹੀ ਈਦ ਦੇ ਮੌਕੇ ‘ਤੇ ਲਾਰੈਂਸ ਬਿਸ਼ਨੋਈ ਨੇ ਪਾਕਿਸਤਾਨ ਦੇ ਇੱਕ ਵੱਡੇ ਗੈਂਗਸਟਰ ਨਾਲ ਵੀਡੀਓ ਕਾਲ ਕੀਤੀ ਅਤੇ ਜਿਸ ਨੂੰ ਬਾਅਦ ਵਿੱਚ ਲੀਕ ਕਰ ਦਿੱਤਾ ਗਿਆ, ਜਦ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਟੈਲੀਕਾਸਟ ਹੋਈ ਸੀ ਤਾਂ ਇਸ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਸਿੱਧੂ ਨੇ ਵੱਡਾ ਇਤਰਾਜ ਜ਼ਾਹਰ ਕੀਤਾ ਸੀ।