India

ਪੱਛਮੀ ਬੰਗਾਲ ‘ਚ ਪੁਲਿਸ ਨੇ ਸਿੱਖ ਸੁਰੱਖਿਆ ਕਰਮੀ ਦੀ ਕੀਤੀ ਕੁੱਟਮਾਰ, ਪੱਗ ਵੀ ਲੱਥੀ

‘ਦ ਖ਼ਾਲਸ ਬਿਊਰੋ:- ਪੱਛਮੀ ਬੰਗਾਲ ‘ਚ ਭਾਜਪਾ ਵਰਕਰਾਂ ਵੱਲੋਂ ‘ਨਬੰਨਾ ਚਲੋ’ ਅੰਦਲੋਨ ਤਹਿਤ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਮੁਤਾਬਕ ਉਹ ਸੂਬੇ ਵਿੱਚ ਭਾਜਪਾ ਵਰਕਰਾਂ ਦੇ ਹੋਏ ਕਤਲ ਖ਼ਿਲਾਫ਼ ਵਿਰੋਧ ਜਤਾ ਰਹੇ ਹਨ।  ਇਸ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਗਈ। ਪੱਛਮੀ ਬੰਗਾਲ ਦੀ ਪੁਲਿਸ ਅਤੇ ਬੀਜੇਪੀ ਕਾਰਕੁੰਨਾ ਵਿਚਾਲੇ ਝੜਪ ਦੌਰਾਨ ਇੱਕ ਸਿੱਖ ਸੁਰੱਖਿਆ ਕਰਮੀ ਦੀ ਕਥਿਤ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਸ ਦੀ ਪੱਗ ਲੱਥ ਗਈ ਹੈ। ਵਿਅਕਤੀ ਦੀ ਪਛਾਣ ਬਠਿੰਡਾ ਨਿਵਾਸੀ 43 ਸਾਲਾ ਬਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੱਛਮੀ ਬੰਗਾਲ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੌਰਾਨ ਸਿੱਖ ਨੌਜਵਾਨ ਦੀ ਖਿੱਚਧੂਹ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ।  ਉਨ੍ਹਾਂ ਨੇ ਪੱਛਮੀ ਬੰਗਾਲ ਦੀ ਪੁਲਿਸ ਵੱਲੋਂ ‘ਸਿੱਖ ਨੌਜਵਾਨ ਦੀ ਬੇਇੱਜ਼ਤੀ ਕਰਨ ਅਤੇ ਉਸ ਦੀ ਪੱਗ ਖਿੱਚ ਕੇ ਲਾਹੇ ਜਾਣ ‘ਤੇ ਸ਼ੋਕ’ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਘਟਨਾ ਪਿੱਛੇ ਜ਼ਿੰਮੇਵਾਰ ਅਧਿਕਾਰੀਆਂ ਪ੍ਰਤੀ ਸਖਤ ਐਕਸ਼ਨ ਲੈਣ ਦੀ ਗੱਲ ਆਖੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਟਵੀਟ ਕਰਕੇ ਇਸ ਪੂਰੇ ਮਾਮਲੇ ਦੀ ਨਿੰਦਾ ਕੀਤੀ ਗਈ ਹੈ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਕ੍ਰਿਕਟਰ ਹਰਭਜਨ ਸਿੰਘ ਨੇ ਵੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਟੈਗ ਕਰਦਿਆਂ ਮਾਮਲੇ ਵੱਲ ਗੌਰ ਕਰਨ ਦੀ ਅਪੀਲ ਕੀਤੀ ਹੈ।

ਪੱਛਮੀ ਬੰਗਾਲ ਪੁਲਿਸ ਨੇ ਘਟਨਾ ਤੋਂ ਬਾਅਦ ਪੂਰੇ ਘਟਨਾਕ੍ਰਮ ਬਾਰੇ ਟਵੀਟ ਕਰਕੇ ਸਥਿਤੀ ਸਪੱਸ਼ਟ ਕੀਤੀ। ਪੁਲਿਸ ਨੇ ਟਵੀਟ ਕਰਕੇ ਕਿਹਾ ਕਿ “ਪੱਛਮੀ ਬੰਗਾਲ ਪੁਲਿਸ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਸਬੰਧਤ ਪੁਲਿਸ ਅਫ਼ਸਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਵਿਸ਼ੇਸ਼ ਤੌਰ ‘ਤੇ ਪੱਗ ਮੁੜ ਬੰਨ੍ਹਣ ਲਈ ਕਿਹਾ। ਇਹ ਫ਼ੋਟੋ ਪੁਲਿਸ ਸਟੇਸ਼ਨ ਲਿਜਾਣ ਤੋਂ ਤੁਰੰਤ ਪਹਿਲਾਂ ਖਿੱਚੀ ਗਈ ਹੈ।

ਪੁਲਿਸ ਨੇ ਵੀਡੀਓ ਟਵੀਟ ਕਰਦਿਆਂ ਲਿਖਿਆ ਕਿ ‘ਸਬੰਧਤ ਸ਼ਖ਼ਸ ਕੋਲ ਵੀਰਵਾਰ ਦੇ ਮੁਜ਼ਾਹਰੇ ਦੌਰਾਨ ਪਿਸਤੌਲ ਸੀ। ਪੱਗ ਹੱਥੋਪਾਈ ਦੌਰਾਨ ਆਪਣੇ ਆਪ ਡਿੱਗ ਗਈ ਸੀ ਨਾ ਕਿ ਅਫ਼ਸਰ ਵੱਲੋਂ ਇਰਾਦਤਨ ਅਜਿਹਾ ਕੀਤਾ ਗਿਆ ਸੀ। ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਕਦੇ ਨਹੀਂ ਹੁੰਦੀ।”