ਬਿਉਰੋ ਰਿਪੋਰਟ – ਲੋਕਸਭਾ ਚੋਣਾਂ (Lok Sabha Elections 2024) ਵਿੱਚ ਆਮ ਆਦਮੀ ਪਾਰਟੀ (AAP) ਦੀ ਹਾਰ ਤੋਂ ਬਾਅਦ ਹੁਣ ਵੱਡੇ ਪੱਧਰ ‘ਤੇ ਸਰਕਾਰ ਅਤੇ ਪਾਰਟੀ ਵਿੱਚ ਫੇਰਬਦਲ ਹੋਣ ਜਾ ਰਿਹਾ ਹੈ। ਚਰਚਾ ਹੈ ਕੈਬਨਿਟ ਵਿੱਚ ਕਈ ਮੰਤਰੀਆਂ ਦੀ ਕੁਰਸੀ ਜਾ ਸਕਦੀ ਹੈ ਕਈ ਨਵੇਂ ਮੰਤਰੀਆਂ ਦੀ ਐਂਟਰੀ ਹੋ ਸਕਦੀ ਹੈ। ਹਾਰ ਦੇ ਕਾਰਨਾਂ ਦੇ ਮੰਥਨ ਲਈ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ 13 ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਇਸ ਤੋਂ ਬਾਅਦ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਤੋਂ ਰਾਜ ਸਭਾ ਐੱਮਪੀ ਸੰਦੀਪ ਪਾਠਕ (Sandeep Pathak) ਵੀ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਹਨ।
ਸੂਤਰਾਂ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਦਿੱਲੀ ਜਾਣਗੇ ਅਤੇ ਕੈਬਨਿਟ ਵਿੱਚ ਫੇਰਬਦਲ ਬਾਰੇ ਚਰਚਾ ਕਰਨਗੇ। ਇਸ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਮੁਹਾਲੀ ਵਿੱਚ ਜਿਨ੍ਹਾਂ 15 ਵਿਧਾਇਕਾਂ ਨਾਲ ਮੀਟਿੰਗ ਕੀਤੀ ਉਨ੍ਹਾਂ ਸਾਰਿਆਂ ਨੇ ਸੂਬੇ ਵਿੱਚ ਨਸ਼ੇ ਦੇ ਮੁੱਦੇ ‘ਤੇ ਆਪਣੀ ਸਰਕਾਰ ਦੀ ਹੁਣ ਤੱਕ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਹਨ।
ਪੰਜਾਬ ਸਰਕਾਰ ਦੇ ਮੰਤਰੀਆਂ ਦੀ ਕੁੱਲ ਗਿਣਤੀ 17 ਤੱਕ ਹੋ ਸਕਦੀ ਹੈ। ਗੁਰਮੀਤ ਸਿੰਘ ਮੀਤ ਹੇਅਰ ਦੇ MP ਬਣਨ ਤੋਂ ਬਾਅਦ ਇੱਕ ਅਹੁਦਾ ਹੋਰ ਖ਼ਾਲੀ ਹੋ ਸਕਦਾ ਹੈ, ਯਾਨੀ 3 ਹੋਰ ਮੰਤਰੀਆਂ ਦੀ ਥਾਂ ਹੁਣ ਵੀ ਖਾਲੀ ਹੈ। ਮੌਜੂਦਾ ਮੰਤਰੀਆਂ ਵਿੱਚ ਕਿਸ ‘ਤੇ ਹਾਰ ਦੀ ਗਾਜ਼ ਡਿੱਗੇਗੀ ਇਹ ਵੇਖਣਾ ਹੋਵੇਗਾ। ਇਸ ਤੋਂ ਇਲਾਵਾ ਕੁਝ ਆਗੂਆਂ ਨੂੰ ਨਿਗਮਾਂ ਤੇ ਬੋਰਡ ਦੇ ਚੇਅਰਮੈਨ ਦਾ ਅਹੁਦਾ ਵੀ ਦਿੱਤਾ ਜਾਵੇਗਾ ਤਾਂ ਕਿ ਉਹ ਜ਼ਮੀਨੀ ਪੱਧਰ ‘ਤੇ ਕੰਮ ਕਰ ਸਕਣ।
16 ਫ਼ੀਸਦੀ ਵੋਟ ਸ਼ੇਅਰ ਘਟਿਆ
ਆਮ ਆਦਮੀ ਪਾਰਟੀ ਦਾ 2 ਸਾਲ ਵਿੱਚ 16 ਫੀਸਦੀ ਵੋਟ ਸ਼ੇਅਰ ਘੱਟ ਹੋਇਆ ਹੈ। 2022 ਵਿੱਚ ਆਪ ਨੇ 42.1% ਵੋਟ ਸ਼ੇਅਰ ਦੇ ਨਾਲ 92 ਸੀਟਾਂ ‘ਤੇ ਕਬਜ਼ਾ ਕਰਕੇ ਹੂੰਝਾਫੇਰ ਜਿੱਤ ਹਾਸਲ ਕੀਤੀ ਸੀ। ਪਰ 2 ਸਾਲ ਬਾਅਦ ਹੁਣ ਪਾਰਟੀ ਦਾ ਵੋਟ ਸ਼ੇਅਰ 26 ਫੀਸਦੀ ਹੀ ਰਹਿ ਗਿਆ ਹੈ। ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਪਾਰਟੀ ਲੋਕ ਸਭਾ ਵਿੱਚ ਸਿਰਫ਼ 3 ਸੀਟਾਂ ਹੀ ਜਿੱਤ ਸਕੀ ਹੈ। ਪਾਰਟੀ ਦੇ ਤਿੰਨ ਮੌਜੂਦਾ ਵਿਧਾਇਕਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।