ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ): 2024 ਦੀਆਂ ਲੋਕਸਭਾ ਚੋਣਾਂ ਵਿੱਚ ਪੰਜਾਬ ਦੇ 13 ਹਲਕਿਆਂ ਵਿੱਚ ਕੁਝ ਅਜਿਹੇ ਹਲਕੇ ਹਨ ਜਿੱਥੇ ਜਿੱਤ ਹਾਰ ਨਾਲ ਪੰਜਾਬ ਦੀ ਮੌਜੂਦਾ ਸਿਆਸਤ 360 ਡਿਗਰੀ ਬਦਲ ਸਕਦੀ ਹੈ। ਤਖ਼ਤਾ ਵੀ ਪਲਟ ਸਕਦਾ ਹੈ, ਕੁਰਸੀ ਦੀ ਤਾਕਤ ਦੁਗਣੀ ਵੀ ਹੋ ਸਕਦੀ ਹੈ। ਇਹ ਉਹ ਹਲਕਾ ਹੈ ਜਿਸ ਦੇ ਲੋਕਾਂ ਦੀ ਸੋਚ ਪੂਰੇ ਪੰਜਾਬ ਤੋਂ ਵੱਖਰੀ ਹੁੰਦੀ ਹੈ, ਵੋਟ ਦੀ ਤਾਕਤ ਦੇ ਨਾਲ ਹਲਕੇ ਦੇ ਲੋਕਾਂ ਨੇ ਵੀ ਸਾਬਿਤ ਕੀਤਾ ਹੈ। ਅਸੀਂ ਜਿਸ ਹਲਕੇ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਂ ਹੈ ਸੰਗਰੂਰ ਲੋਕਸਭਾ ਹਲਕਾ, ਤੁਸੀਂ ਇਸ ਨੂੰ ਕ੍ਰਾਂਤੀਕਾਰੀ ਜਾਂ ਇਨਕਲਾਬੀ ਹਲਕਾ ਵੀ ਕਹਿ ਸਕਦੇ ਹੋ। ਇਸੇ ਲਈ ਪਿਛਲੇ 25 ਸਾਲਾਂ ਵਿੱਚ 5 ਲੋਕਸਭਾ ਦੀਆਂ ਚੋਣਾਂ ਵਿੱਚ ਸੰਗਰੂਰ ਹਲਕੇ ਦੇ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਵੀ ਕੀਤਾ ਹੈ। 2022 ਦੀਆਂ ਜ਼ਿਮਨੀ ਚੋਣ ਵਿੱਚ ਮਿਲੇ ਝਟਕੇ ਨੇ ਇਸੇ ਵੱਲ ਇਸ਼ਾਰਾ ਵੀ ਕੀਤਾ ਸੀ।
ਸੰਗਰੂਰ ਦੇ ਮਨ ਨੂੰ ਪੜੀਏ
ਚਲੋ ਹੁਣ ਜ਼ਰਾ ਸੰਗਰੂਰ ਦੇ ਲੋਕਾਂ ਦੇ ਸਿਆਸੀ ਦਿਮਾਗ ਨੂੰ ਨਤੀਜ਼ਿਆਂ ਦੇ ਜ਼ਰੀਏ ਪੜਨਾ ਸ਼ੁਰੂ ਕਰਦੇ ਹਾਂ। ਸ਼ੁਰੂਆਤ 1999 ਦੀਆਂ ਚੋਣਾਂ ਤੋਂ ਕਰਦੇ ਹਾਂ। ਕੇਂਦਰ ਵਿੱਚ ਬੀਜੇਪੀ ਦੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣੀ ਤਾਂ ਸੰਗਰੂਰ ਦੇ ਲੋਕਾਂ ਨੇ ਬਿਲਕੁਲ ਉਲਟ ਕਾਂਗਰਸ, ਅਕਾਲੀ ਦਲ ਵਰਗੀਆਂ ਮਜ਼ਬੂਤ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਰਗੀ ਪੰਥਕ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਕੇ ਭੇਜਿਆ।
2004 ਵਿੱਚ ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣੀ ਪਰ ਸੰਗਰੂਰ ਦੇ ਲੋਕਾਂ ਨੇ ਉਲਟ ਵਿਰੋਧੀ ਧਿਰ ਦੇ ਅਕਾਲੀ-ਬੀਜੇਪੀ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਜਿਤਾ ਕੇ ਭੇਜਿਆ। 2014 ਵਿੱਚ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਬਣੀ ਸੰਗਰੂਰ ਦੇ ਲੋਕਾਂ ਨੇ ਅਕਾਲੀ ਬੀਜੇਪੀ ਦੇ ਸਾਂਝੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਦਿੱਤਾ। ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਰਿਕਾਰਡ ਵੋਟਾਂ ਨਾਲ ਜਿਤਾਇਆ।
2019 ਵਿੱਚ ਵੀ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਬਣੀ, ਅਕਾਲੀ ਦਲ-ਬੀਜੇਪੀ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਦੇ ਲੋਕਾਂ ਨੇ ਹਰਾ ਦਿੱਤਾ। ਪੂਰੇ ਪੰਜਾਬ ਵਿੱਚ ਆਪ ਦਾ ਸਫਾਇਆ ਹੋ ਗਿਆ ਪਰ ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ’ਤੇ ਭਰੋਸਾ ਜਤਾਇਆ ਅਤੇ 2 ਲੱਖ ਵੋਟਾਂ ਦੇ ਫਰਕ ਨਾਲ ਜਿਤਾ ਦਿੱਤਾ।
2022 ਵਿੱਚ ਸੰਗਰੂਰ ਦੀ ਜ਼ਿਮਨੀ ਚੋਣ ਹੋਈ ਤਾਂ ਫਿਰ ਲੋਕਾਂ ਨੇ ਹੈਰਾਨ ਕਰ ਦਿੱਤਾ। 4 ਮਹੀਨੇ ਪਹਿਲਾਂ ਸੰਗਰੂਰ ਲੋਕਸਭਾ ਅਧੀਨ ਪੈਣ ਵਾਲੀਆਂ ਸਾਰੀਆਂ ਵਿਧਾਨਸਭਾ ਸੀਟਾਂ ’ਤੇ ਹੁੰਝਾ ਫੇਰ ਜਿੱਤ ਦਿੱਤੀ ਪਰ ਸੰਗਰੂਰ ਜ਼ਿਮਨੀ ਚੋਣ ਵਿੱਚ 24 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਦਿੱਤਾ।
ਭੇਡ ਚਾਲ ਨਹੀਂ ਚੱਲਦੇ ਸੰਗਰੂਰ ਦੇ ਲੋਕ
25 ਸਾਲ ਦੇ ਨਤੀਜਿਆਂ ਤੋਂ ਇੱਕ ਗੱਲ ਸਾਫ ਹੈ ਸੰਗਰੂਰ ਦੇ ਲੋਕ ਭੇਡ ਚਾਲ ਵਿੱਚ ਯਕੀਨ ਨਹੀਂ ਰੱਖਦੇ। ਉਨ੍ਹਾਂ ਦਾ ਫੈਸਲਾ ਪੂਰੇ ਪੰਜਾਬ ਤੋਂ ਵੱਖ ਹੁੰਦਾ ਹੈ। ਹੁਣ ਇਸ ਵੱਖਰੀ ਸੋਚ ਦੇ ਪਿੱਛੇ ਕੀ ਕਾਰਨ ਹੈ? ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਦਰਅਸਲ ਸੰਗਰੂਰ ਖੱਬੇ ਪੱਖੀਆਂ ਅਤੇ ਪੰਥਕ ਸੋਚ, ਦੋਵਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਹਾਲਾਂਕਿ ਦੋਵਾਂ ਦੀ ਸੋਚ ਵਿੱਚ 350 ਡਿਗਰੀ ਦਾ ਅੰਤਰ ਹੈ।
ਪਰ ਇੱਕ ਗੱਲ ਸਾਂਝੀ ਹੈ ਕਿ ਦੋਵਾਂ ਦੀ ਕੇਂਦਰ ਨਾਲ ਘੱਟ ਹੀ ਬਣਦੀ ਹੈ। ਇਸੇ ਲਈ ਜਦੋਂ ਵੀ ਕੋਈ ਨਵੀਂ ਸੋਚ ਸਾਹਮਣੇ ਆਉਂਦੀ ਹੈ ਤਾਂ ਇਹ ਸਭ ਤੋਂ ਪਹਿਲਾਂ ਉਸ ਤਜ਼ੁਰਬੇ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਨ। 2014, 2019 ਅਤੇ 2022 ਦੀ ਜ਼ਿਮਨੀ ਚੋਣ ਇਸ ਸੋਚ ਨੂੰ ਸਮਝਣ ਦਾ ਸਭ ਤੋਂ ਚੰਗਾ ਸਿਆਸੀ ਉਦਾਹਰਣ ਹੈ। ਆਮ ਆਦਮੀ ਪਾਰਟੀ ਨੇ ਜਦੋਂ 2013 ਵਿੱਚ ਦਿੱਲੀ ਵਿੱਚ ਸਰਕਾਰ ਬਣਾਈ ਤਾਂ ਅਗਲੇ ਹੀ ਸਾਲ 2014 ਵਿੱਚ ਲੋਕਸਭਾ ਚੋਣਾਂ ਹੋਈਆਂ ਤਾਂ ਸੰਗਰੂਰ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ। ਪਰ 2019 ਵਿੱਚ ਵੀ ਸੰਗਰੂਰ ਦੇ ਪਾਰਟੀ ਤੋਂ ਜ਼ਿਆਦਾ ਭਗਵੰਤ ਮਾਨ ਦਾ ਸਾਥ ਦਿੱਤਾ। 2022 ਵਿੱਚ ਸੰਗਰੂਰ ਦੇ ਲੋਕਾਂ ਨੇ ਨਰਾਜ਼ਗੀ ਜਤਾਉਣ ਵਿੱਚ ਵੀ ਦੇਰ ਨਹੀਂ ਕੀਤੀ।
ਸਿੱਧੂ ਮੂਸੇਵਾਲਾ ਦੇ ਕਤਲਕਾਂਡ ਤੋਂ ਬਾਅਦ 4 ਮਹੀਨੇ ਪੁਰਾਣੀ ਮਾਨ ਸਰਕਾਰ ਖਿਲਾਫ ਸੰਗਰੂਰ ਵਿੱਚ ਜਿਹੜੀ ਲਹਿਰ ਬਣੀ ਉਸ ਦਾ ਅੰਦਾਜ਼ਾ ਸ਼ਾਇਦ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਹੋਵੇਗਾ। 24 ਸਾਲਾਂ ਤੋਂ ਹਰ ਚੋਣ ਵਿੱਚ ਜ਼ਮਾਨਤ ਜ਼ਬਤ ਕਰਵਾਉਣ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਜੇਤੂ ਬਣਾ ਦਿੱਤਾ। ਇਹ ਸਾਬਿਤ ਕਰਦਾ ਹੈ ਕਿ ਸੰਗਰੂਰ ਦੇ ਲੋਕ ਭਾਵੁਕ ਹੋਣ ਦੇ ਨਾਲ ਸਿਆਸਤ ਨੂੰ ਸਮਝਦੇ ਹਨ ਅਤੇ ਜ਼ਰੂਰਤ ਪੈਣ ’ਤੇ ਵੋਟ ਦੀ ਤਾਕਤ ਨਾਲ ਜ਼ਮਹੂਰੀ ਤਰੀਕੇ ਨਾਲ ਗੁੱਸਾ ਵੀ ਵਿਖਾਉਂਦੇ ਹਨ।
ਸੰਗਰੂਰ ਦੀ 2024 ਦੀ ਸਿਆਸੀ ਲੜਾਈ
ਹੁਣ 2024 ਦੀ ਸੰਗਰੂਰ ਦੀ ਸਿਆਸੀ ਲੜਾਈ ’ਤੇ ਆ ਜਾਂਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਕਿ ਉਨ੍ਹਾਂ ਲਈ ਪੰਜਾਬ ਦੀ 12 ਲੋਕਸਭਾ ਸੀਟਾਂ ਇੱਕ ਪਾਸੇ ਹੈ ਤੇ ਸੰਗਰੂਰ ਦੂਜੇ ਪਾਸੇ। ਜੇ ਉਹ 12 ਸੀਟਾਂ ਜਿੱਤ ਵੀ ਲੈਣ ਅਤੇ ਸੰਗਰੂਰ ਹਾਰ ਵੀ ਜਾਣ ਤਾਂ ਉਨ੍ਹਾਂ ਦੀ ਇਹ ਵੱਡੀ ਨਮੋਸ਼ੀ ਦੀ ਗੱਲ ਹੋਵੇਗੀ, ਪਾਰਟੀ ਵਿੱਚ ਉਨ੍ਹਾਂ ਦੀ ਤਾਕਤ ਘੱਟ ਹੋ ਸਕਦੀ ਹੈ। ਇਸੇ ਲਈ ਮਾਨ ਨੇ ਸਭ ਤੋਂ ਭਰੋਸੇਮੰਦ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਿਉਂਕਿ 2022 ਦੀਆਂ ਜ਼ਿਮਨੀ ਚੋਣਾਂ ਤੋਂ ਸਬਕ ਲੈਂਦੇ ਹੋਏ ਮਾਨ ਦਾ ਇਹ ਫੈਸਲਾ ਠੀਕ ਵੀ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ ਵੀ ਮੁੜ ਤੋਂ ਦਾਅਵੇਦਾਰ ਪੇਸ਼ ਕਰ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਵੀ ਉਨ੍ਹਾਂ ਦਾ ਤਾਕਤ ਜ਼ਿਮਨੀ ਚੋਣ ਵਾਂਗ ਬਰਕਾਰ ਹੈ। ਵਿਰੋਧੀ ਵੀ ਉਨ੍ਹਾਂ ਨੂੰ ਹਲਕੇ ਵਿੱਚ ਲੈਣ ਦੀ ਭੁੱਲ ਨਹੀਂ ਕਰ ਸਕਦੇ ਹਨ।
ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਡਸਾ ਦੀ ਥਾਂ ਵਫਾਦਾਰ ਇਕਬਾਲ ਸਿੰਘ ਝੂੰਦਾ ਨੂੰ ਉਮੀਦਵਾਰ ਬਣਾਇਆ। ਇਸ ਤੋਂ ਬਾਅਦ ਢੀਂਡਸਾ ਪਰਿਵਾਰ ਨਰਾਜ਼ ਅਤੇ ਪ੍ਰਚਾਰ ਤੋਂ ਦੂਰ ਹੋ ਗਿਆ। ਇਸ ਦਾ ਨੁਕਸਾਨ ਪਾਰਟੀ ਨੂੰ ਹੋਵੇਗਾ। ਇਸ ਵਿੱਚ ਕੋਈ ਦੋ ਰਾਇ ਨਹੀਂ ਪਰ ਸੰਗਰੂਰ ਵਿੱਚ ਅਕਾਲੀ ਦਲ ਬਿਲਕੁਲ ਮਜ਼ਬੂਤ ਨਜ਼ਰ ਨਹੀਂ ਆ ਰਹੀ ਹੈ, ਜਿੱਤ ਦੀ ਰੇਸ ਵਿੱਚ ਨਜ਼ਰ ਨਹੀਂ ਆ ਰਹੀ ਹੈ ਇਸ ਲਈ ਢੀਂਡਸਾ ਦੀ ਨਰਾਜ਼ਗੀ ਨੂੰ ਸੁਖਬੀਰ ਸਿੰਘ ਬਾਦਲ ਵੀ ਜ਼ਿਆਦਾ ਤਵੱਜੋ ਨਹੀਂ ਦੇ ਰਹੇ ਹਨ।
ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ ਵਿੱਚ ਉਤਾਰ ਕੇ ਮਾਸਟਰ ਸਟ੍ਰੋਕ ਖੇਡਿਆ ਹੈ। ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕਰੜੀ ਟੱਕਰ ਦੇ ਰਹੇ ਹਨ। ਹਾਲਾਂਕਿ ਟਿਕਟ ਦੇ ਦਾਅਵੇਦਾਰੀ ਪੇਸ਼ ਕਰ ਰਹੇ ਧੁਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਨਰਾਜ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਲਈ ਇਹ ਵੱਡਾ ਝਟਕਾ ਹੈ।
‘ਆਪ’ ਲਈ ਫ਼ਾਇਦੇਮੰਦ ਹੋਵੇਗੀ ਖਹਿਰਾ ਦੀ ਉਮੀਦਵਾਰੀ
ਉੱਧਰ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਖਹਿਰਾ ਦੇ ਉਤਰਨ ਨਾਲ ਉਲਟਾ ਆਪ ਨੂੰ ਫਾਇਦਾ ਹੋਵੇਗਾ। ਸਿਮਰਨਜੀਤ ਸਿੰਘ ਮਾਨ ਅਤੇ ਖਹਿਰਾ ਦੀ ਪੰਥਕ ਮੁੱਦਿਆਂ ‘ਤੇ ਕਿਧਰੇ ਨਾ ਕਿਧਰੇ ਸਿਆਸੀ ਸੋਚ ਮਿਲਦੀ ਹੈ। ਖਹਿਰਾ ਅਤੇ ਮਾਨ ਦੋਵਾਂ ਦਾ ਮੁਸਲਿਮ ਭਆਈਚਾਰੇ ਵਿੱਚ ਵੀ ਚੰਗਾ ਅਧਾਰ ਹੈ। ਮਲੇਰਕੋਟਲਾ ਨੇ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਰਸਤਾ ਕਾਫੀ ਹੱਦ ਤੱਕ ਅਸਾਨ ਬਣਾਇਆ ਸੀ, ਇੱਥੇ ਵੀ ਵੋਟ ਵੰਡੇ ਜਾਣਗੇ।
ਸਿੱਧੂ ਮੂਸੇਵਾਲਾ ਦੇ ਹਮਾਇਤੀ, ਜਿਨ੍ਹਾਂ ਨੇ ਜ਼ਿਮਨੀ ਚੋਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ, ਉਹ ਵੀ ਕਨਫਿਊਜ਼ ਹੋ ਸਕਦੇ ਹਨ, ਕਿਉਂਕਿ ਸਿਮਰਨਜੀਤ ਸਿੰਘ ਮਾਨ ਅਤੇ ਖਹਿਰਾ ਦੋਵੇ ਇੰਨਾਂ ਵੋਟਰਾਂ ਵਿੱਚ ਪਾਪੂਲਰ ਹਨ। ਹੁਣ ਫਾਇਦੇ ਦੀ ਗੱਲ ਤੇ ਆ ਜਾਈਏ ਤਾਂ ਭਗਵੰਤ ਮਾਨ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ।
2019 ਦੀ ਬਠਿੰਡਾ ਲੋਕਸਭਾ ਚੋਣ ਨੂੰ ਸੰਗਰੂਰ ਦੇ ਮੌਜੂਦਾ ਹਾਲਾਤ ਨਾਲ ਸਮਝਿਆ ਜਾ ਸਕਦਾ ਹੈ। ਖਹਿਰਾ ’ਤੇ ਇਲਜ਼ਾਮ ਲੱਗਿਆ ਸੀ ਕਿ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਦੇ ਲਈ ਹੀ ਉਨ੍ਹਾਂ ਨੇ ਬਠਿੰਡਾ ਤੋਂ ਲੋਕਸਭਾ ਚੋਣ ਲੜੀ ਸੀ। ਨਤੀਜਿਆਂ ਵਿੱਚ ਸਾਹਮਣੇ ਵੀ ਆਇਆ ਸੀ। ਹਰਸਿਮਰਤ ਕੌਰ ਬਾਦਲ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਤੋਂ ਤਕਰੀਬਨ 20 ਹਜ਼ਾਰ ਵੋਟਾਂ ਦੇ ਨਾਲ ਜਿੱਤੀ ਸੀ। ਜਦਕਿ ਖਹਿਰਾ ਨੂੰ ਸਿਰਫ਼ 40 ਹਜ਼ਾਰ ਦੇ ਕਰੀਬ ਵੋਟ ਮਿਲੇ ਸਨ।
ਖਹਿਰਾ ਨੂੰ ਜਿਹੜੇ ਵੋਟ ਮਿਲੇ ਸਨ ਉਹ ਪੰਥਕ ਵੋਟ ਸਨ, ਜਿਹੜੇ ਅਕਾਲੀ ਦਲ ਤੋਂ ਨਰਾਜ਼ ਸਨ। ਜੇਕਰ ਇਹ ਨਰਾਜ਼ ਵੋਟ ਕਾਂਗਰਸ ਨੂੰ ਮਿਲੇ ਹੁੰਦੇ ਤਾਂ ਹਰਸਿਮਰਤ ਕੌਰ ਬਾਦਲ ਦੀ ਹਾਰ ਤੈਅ ਸੀ। ਕੁੱਲ ਮਿਲਾਕੇ ਸੰਗਰੂਰ ਦੇ ਨਤੀਜਾ ਦਿਲਚਸਪ ਹੋਵੇਗਾ, ਪੂਰੇ ਪੰਜਾਬ ਦੀ ਨਜ਼ਰ ਇਸ ‘ਤੇ ਹੋਵੇਗੀ ਕਿ ਸੰਗਰੂਰ ਬਦਲੇਗਾ। ਇਸ ਵਾਰ ਸਿਆਸੀ ਸੋਚ ਤਾਂ ਫਿਰ ਲਏਗਾ ਹਮੇਸ਼ਾ ਵਾਂਗ ਕਰਾਂਤੀਕਾਰੀ ਜਾਂ ਇਨਕਲਾਬੀ ਫੈਸਲਾ। ਇਸ ਦਾ ਫੈਸਲਾ 4 ਜੂਨ ਦੇ ਨਤੀਜਿਆਂ ਨਾਲ ਹੋਵੇਗਾ।