ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਅੰਬਾਲਾ ਵਿੱਚ ਇੱਕ ਸਰਪੰਚ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਚਾਕੂ ਸਰਪੰਚ ਦੀ ਛਾਤੀ ਵਿੱਚ ਵੱਜਿਆ, ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਵਿਵਾਦ ਚੋਣ ਰੰਜਿਸ਼ ਨਾਲ ਜੁੜਿਆ ਹੋਇਆ ਹੈ। ਮਾਮਲਾ ਸ਼ਹਿਜ਼ਾਦਪੁਰ ਥਾਣੇ ਅਧੀਨ ਪੈਂਦੇ ਪਿੰਡ ਕੋਡਵਾ ਖੁਰਦ ਦਾ ਹੈ।
ਪਿੰਡ ਕੋਰਵਾ ਖੁਰਦ ਦੇ ਸਰਪੰਚ ਸਾਹਬ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਨਾਲ਼ੇ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਉਹ ਪਿੰਡ ਦੇ ਦੂਜੇ ਪਾਸੇ ਨਾਲ਼ੇ ਦੀ ਸਫ਼ਾਈ ਦੇਖਣ ਲਈ ਹੀ ਗਏ ਸਨ। ਉਥੇ ਸਾਬਕਾ ਸਰਪੰਚ, ਉਸ ਦੇ ਬੇਟੇ, ਭਰਾ ਅਤੇ ਭਤੀਜੇ ਨੇ ਉਨ੍ਹਾਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਉਨ੍ਹਾਂ ਦੇ ਦਿਲ ਦੇ ਨੇੜੇ ਉਨ੍ਹਾਂ ਦੀ ਛਾਤੀ ਵਿੱਚ ਮਾਰਿਆ। ਖੁਸ਼ਕਿਸਮਤੀ ਇਹ ਰਹੀ ਕਿ ਉਹ ਵਾਲ-ਵਾਲ ਬਚ ਗਏ।
ਸਰਪੰਚ ਸਾਹਬ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਦਿਲ ਦੇ ਕੋਲ ਚਾਕੂ ਨਾਲ ਵਾਰ ਕੀਤਾ ਸੀ। ਸਾਹਬ ਸਿੰਘ ਅਨੁਸਾਰ ਮੁਲਜ਼ਮਾਂ ਦੀ ਪੰਚਾਇਤੀ ਚੋਣਾਂ ਦੇ ਸਮੇਂ ਤੋਂ ਹੀ ਦੁਸ਼ਮਣੀ ਚੱਲ ਰਹੀ ਹੈ। ਮੁਲਜ਼ਮ ਪਹਿਲਾਂ ਵੀ ਕਈ ਵਾਰਦਾਤਾਂ ਕਰ ਚੁੱਕੇ ਹਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਆਏ ਹੋਏ ਹਨ।
ਹਸਪਤਾਲ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ। ਸ਼ਹਿਜ਼ਾਦਪੁਰ ਥਾਣਾ ਪੁਲਿਸ ਪੀੜਤ ਸਰਪੰਚ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰੇਗੀ।