ਪੰਜਾਬ ਵਿੱਚ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ ਵਧਣ ਕਾਰਨ ਲੋਕਾਂ ਨੂੰ ਗਰਮੀ ਨੇ ਬੇਹਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਦੇਖਦਿਆਂ ਹੋਇਆਂ ਸਿੱਖਿਆ ਵਿਭਾਗ ਵੱਲੋਂ ਇਸ ਗਰਮੀ ਦੇ ਮੌਸਮ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਗਰਮੀ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਐਡਵਾਈਜ਼ਰੀ ਵਿੱਚ ਅਧਿਆਪਕਾਂ ਅਤੇ ਬੱਚਿਆਂ ਨੂੰ ਗਰਮੀ ਤੋਂ ਬਚਣ ਲਈ ਸਹੀ ਕੱਪੜੇ ਪਾਉਣ ਦੀ ਸਲਾਹ ਦਿੱਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਐਡਵਾਈਜ਼ਰੀ ਦੀ ਕਾਪੀ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਬੱਚਿਆਂ ਵਿੱਚ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਗਰਮੀ ਤੋਂ ਬਚਣ ਬਾਰੇ ਜਾਗਰੂਕ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਐਡਵਾਈਜ਼ਰੀ ਵਿੱਚ ਬੱਚਿਆਂ ਨੂੰ ਜਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਜੇਕਰ ਤੁਸੀਂ ਦਿਲ, ਗੁਰਦੇ ਜਾਂ ਲੀਵਰ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਤਾਂ ਪਾਣੀ ਨੂੰ ਘੱਟ ਪੀਣਾ ਚਾਹੀਦਾ ਹੈ। ਬੱਚਿਆਂ ਅਤੇ ਅਧਿਆਪਕਾਂ ਨੂੰ ਮੌਸਮ ਬਾਰੇ ਜਾਣਕਾਰੀ ਰੱਖਣ ਲਈ ਅਖ਼ਬਾਰਾਂ ਪੜ੍ਹਨ ਦੇ ਨਾਲ-ਨਾਲ ਹੋਰ ਸਾਧਨਾ ਤੋਂ ਜਾਣਕਾਰੀ ਲੈਣ ਲਈ ਕਿਹਾ ਹੈ। ਮੌਸਮ ਬਾਰੇ ਜਾਣਕਾਰੀ ਦੇਣ ਵਾਲੀ ਐਪ ਨੂੰ ਵੀ ਫੋਨ ਵਿੱਚ ਡਾਊਨਲੋਡ ਕਰਕੇ ਰੱਖਣ ਨੂੰ ਕਿਹਾ ਗਿਆ ਹੈ।
ਐਡਵਾਈਜ਼ਰੀ ਵਿੱਚ ਹੋਰ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥਾਂ ਨੂੰ ਪੀਤਾ ਜਾਵੇ, ਜਿਸ ਨਾਲ ਗਰਮੀ ਤੋਂ ਰਾਹਤ ਮਿਲ ਸਕੇ। ਘਰ ਤੋਂ ਬਾਹਰ ਨਿਕਲਣ ਸਮੇਂ ਹਲਕੇ ਕੱਪੜੇ ਪਾਉਣ ਦੇ ਨਾਲ-ਨਾਲ ਸਿਰ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਢੱਕਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ – ਲੁਧਿਆਣਾ ਦੇ ਪਿੰਡਾਂ ‘ਚ ਬਿੱਟੂ ਦਾ ਵਿਰੋਧ, ਕਿਸਾਨਾਂ ਦੇ ਰੋਸ ਤੋਂ ਪਰੇਸ਼ਾਨ ਭਾਜਪਾ ਉਮੀਦਵਾਰ