ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਸਾਥੀਆਂ ਨੂੰ ਕਿਸੇ ਵੀ ਥਾਂ ’ਤੇ ਡਿਬੇਟ ਕਰਨ ਦੀ ਖੁੱਲੀ ਚੁਣੌਤੀ ਦਿੰਦੇ ਹੋਏ RSS ਨਾਲ ਲਿੰਕ ਕਰ ਕੇ ਗੰਭੀਰ ਇਲਜ਼ਾਮ ਲਗਾਏ ਹਨ। ਵਲਟੋਹਾ ਨੇ ਕਿਹਾ ਮੈਂ ਪਰਿਵਾਰ ਨੂੰ ਮਹੀਨਾ ਪਹਿਲਾਂ ਹੀ ਦੱਸਿਆ ਕਿ ਮੈਂ ਚੋਣ ਮੈਦਾਨ ਵਿੱਚ ਉੱਤਰ ਸਕਦਾ ਹਾਂ, ਉਨ੍ਹਾਂ ਨੇ ਪੂਰੀ ਮਦਦ ਦਾ ਭਰੋਸਾ ਵੀ ਦਿੱਤਾ ਸੀ।
ਪਰ ਰਾਜਦੀਪ ਸਿੰਘ ਨੇ ਜਦੋਂ ਐਲਾਨ ਕੀਤਾ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨਗੇ ਤਾਂ ਮੈਂ ਹੈਰਾਨ ਹੋ ਗਿਆ। ਮੈਂ ਪਰਿਵਾਰ ਨੂੰ ਇਸ ਬਾਰੇ ਪੁੱਛਿਆ, ਕਿ RSS ਦਾ ਆਗੂ ਰਾਜਬੀਰ ਸਿੰਘ ਕਿਵੇਂ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦਾ ਐਲਾਨ ਕਰ ਸਕਦਾ ਹੈ? ਫਿਰ ਮਾਤਾ-ਪਿਤਾ ਨੇ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ਵਿੱਚ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਅਸੀਂ ਰਣਨੀਤੀ ਬਦਲੀ ਹੈ।
ਵਲਟੋਹਾ ਨੇ ਕਿਹਾ ਪਰਿਵਾਰ ਦਾਅਵਾ ਕਰ ਰਿਹਾ ਹੈ ਕਿ ਜੇਲ੍ਹ ਤੋਂ ਛਡਾਉਣਾ ਹੈ ਤਾਂ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਉ। ਪਰ ਜੇਕਰ ਅਜਿਹਾ ਹੁੰਦਾ ਤਾਂ ਕੇਜਰੀਵਾਲ ਅੰਦਰ ਕਿਉਂ ਜਾਂਦਾ, ਉਹ ਤਾਂ ਮੁੱਖ ਮੰਤਰੀ ਹੈ, ਅਜਿਹਾ ਕੋਈ ਕਾਨੂੰਨ ਨਹੀਂ ਹੈ।
ਵਲਟੋਹਾ ਨੇ ਇਲਜ਼ਾਮ ਲਗਾਇਆ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਉਨ੍ਹਾਂ ‘ਤੇ ਇਲਜ਼ਾਮ ਲਗਾ ਰਿਹਾ ਹੈ ਕਿ ਮੈਂ ਆਪਣਾ ਨਾਂ ਵਾਪਸ ਨਹੀਂ ਲੈ ਰਿਹਾ ਹਾਂ, ਜਦਕਿ ਜਿਨ੍ਹਾਂ ਪਾਰਟੀਆਂ ਨੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਭੇਜਿਆ ਉਨ੍ਹਾਂ ਖਿਲਾਫ਼ ਕੋਈ ਸ਼ਬਦ ਨਹੀਂ ਬੋਲਿਆ ਜਾ ਰਿਹਾ ਹੈ।
ਵਲਟੋਹਾ ਨੇ ਕਿਹਾ ਮੈਂ ਅੰਮ੍ਰਿਤਪਾਲ ਸਿੰਘ ਦੀ ਟੀਮ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਨਾਲ ਓਪਨ ਡਿਬੇਟ ਕਰਨ। ਲਾਈਵ ਟੈਲੀਕਾਸਟ ਹੋਵੇ। ਉਨ੍ਹਾਂ ਦੇ ਸਵਾਲ ਮੇਰੇ ਜਵਾਬ ਹੋਣਗੇ। ਮੈਂ ਇੱਕ ਵੀ ਸਵਾਲ ਨਹੀਂ ਪੁੱਛਾਗਾ। ਜੇਕਰ ਮੈਂ ਫੇਲ੍ਹ ਸਾਬਿਤ ਹੋਇਆ ਤਾਂ ਮੈਂ ਉਮੀਦਵਾਰੀ ਛੱਡਾਂਗਾ। ਜੇਕਰ ਉਹ ਅੰਮ੍ਰਿਤਪਾਲ ਦੀ ਟੀਮ ਜਵਾਬ ਨਹੀਂ ਦੇ ਸਕੀ ਤਾਂ ਉਹ ਚੋਣ ਲੜਨ ਦਾ ਫੈਸਲਾ ਵਾਪਸ ਲੈਣ।