India

ਕੇਜਰੀਵਾਲ ਦੀ ਗ਼ੈਰ-ਹਾਜ਼ਰੀ ’ਚ LG ਨੇ ਕਰ ਦਿੱਤੀ ਵੱਡੀ ਕਾਰਵਾਈ, ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਬਰਖ਼ਾਸਤ

Maliwal Criticizes Delhi LG's Order to Terminate Services of 223 Employees

ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਅੱਜ ਵੀਰਵਾਰ (2 ਮਈ, 2024) ਨੂੰ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਦਿੱਲੀ ਮਹਿਲਾ ਕਮਿਸ਼ਨ (DCW) ਦੇ 223 ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਹੁਕਮ ਦੇ ਦਿੱਤੇ ਹਨ। ਉਪ ਰਾਜਪਾਲ ਨੇ ਇਹ ਕਹਿ ਕੇ ਇਹ ਕਾਰਵਾਈ ਕੀਤੀ ਹੈ ਕਿ ਤਤਕਾਲੀ ਮਹਿਲਾ ਕਮਿਸ਼ਨ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਨਿਯਮਾਂ ਦੇ ਉਲਟ ਜਾ ਕੇ ਬਿਨਾਂ ਮਨਜ਼ੂਰੀ ਤੋਂ ਇਨ੍ਹਾਂ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਸੀ। ਇਸ ਲਈ ਇਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ।

ਉਪ ਰਾਜਪਾਲ ਦੀ ਇਸ ਕਾਰਵਾਈ ਤੋਂ ਬਾਅਦ ਦਿੱਲੀ ਰਾਜ ਸਭਾ ਮੈਂਬਰ ਤੇ ਮਹਿਲਾ ਕਮਿਸ਼ਨ (DCW) ਦੀ ਸਾਬਕਾ ਚੇਅਰਮੈਨ ਸਵਾਤੀ ਮਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਸਵਾਤੀ ਮਾਲੀਵਾਲ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਦਿੱਲੀ ਮਹਿਲਾ ਕਮਿਸ਼ਨ ਨੇ ਹਰ ਸਕਿੰਟ ਵਿੱਚ ਕੰਮ ਕੀਤਾ ਹੈ। ਰੋਜ਼ਾਨਾ 500 ਤੋਂ ਵੱਧ ਔਰਤਾਂ ਕੰਮ ’ਤੇ ਆਉਂਦੀਆਂ ਹਨ। ਪਰ LG ਨੇ ਕੰਟਰੈਕਟ ’ਤੇ ਰੱਖੇ ਸਾਰੇ ਮੁਲਾਜ਼ਮਾਂ ਨੂੰ ਹਟਾਉਣ ਦੇ ਹੁਕਮ ਦੇ ਦਿੱਤੇ ਹਨ। 90 ਕਰਮਚਾਰੀ ਬਚੇ ਹਨ ਜਿਨ੍ਹਾਂ ਵਿੱਚੋਂ ਸਿਰਫ਼ ਅੱਠ ਹੀ ਰੈਗੂਲਰ ਹਨ।

ਸਵਾਤੀ ਮਾਲੀਵਾਲ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦਿੱਲੀ ਮਹਿਲਾ ਕਮਿਸ਼ਨ ਨੇ ਕਈ ਕੰਮ ਕੀਤੇ ਹਨ। ਉਪ ਰਾਜਪਾਲ ਕਹਿ ਰਹੇ ਹਨ ਕਿ ਠੇਕੇ ‘ਤੇ ਰੱਖੇ ਸਾਰੇ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤੇ ਜਾਣ ਕਿਉਂਕਿ ਇਹ ਨਿਯੁਕਤੀਆਂ ਗੈਰ-ਕਾਨੂੰਨੀ ਹਨ। ਜੇ ਅਜਿਹਾ ਹੁੰਦਾ ਹੈ ਤਾਂ DCW ਬੰਦ ਹੋ ਜਾਵੇਗਾ। ਇਨ੍ਹਾਂ 90 ਮੁਲਾਜ਼ਮਾਂ ਵਿੱਚੋਂ ਸਿਰਫ਼ ਅੱਠ ਹੀ ਰੈਗੂਲਰ ਮੁਲਾਜ਼ਮ ਹਨ, ਜਦਕਿ ਬਾਕੀ ਠੇਕਾ ਮੁਲਾਜ਼ਮ ਹਨ, ਜੋ ਤਿੰਨ ਮਹੀਨਿਆਂ ਦੇ ਠੇਕੇ ’ਤੇ ਕੰਮ ਕਰ ਰਹੇ ਹਨ।

ਮਾਲੀਵਾਲ ਨੇ ਉਪ ਰਾਜਪਾਲ ਨੂੰ ਕਿਹਾ ਹੈ ਕਿ ਤੁਹਾਡੀ ਲੜਾਈ ਮੇਰੇ ਨਾਲ ਹੈ। ਪਰ ਦਿੱਲੀ ਮਹਿਲਾ ਕਮਿਸ਼ਨ ਨੂੰ ਬੰਦ ਨਾ ਕਰੋ। ਜੇ ਮਹਿਲਾ ਕਮਿਸ਼ਨ ਖ਼ਾਲੀ ਹੋ ਗਿਆ ਤਾਂ ਦਿੱਲੀ ਵਿੱਚ ਔਰਤਾਂ ਖ਼ਿਲਾਫ਼ ਅਪਰਾਧ ਦੀਆਂ ਘਟਨਾਵਾਂ ਦਾ ਕੀ ਹੋਵੇਗਾ? ਉਨ੍ਹਾਂ ਦੱਸਿਆ ਕਿ ਛੇ ਮਹੀਨਿਆਂ ਤੋਂ ਇਨ੍ਹਾਂ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲੀ। ਨੌਂ ਮਹੀਨਿਆਂ ਤੋਂ ਸਟਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਪਰ ਉਲਟਾ ਠੇਕੇ ਦੇ ਮੁਲਾਜ਼ਮ ਵੀ ਬਰਖ਼ਾਸਤ ਕੀਤੇ ਜਾ ਰਹੇ ਹਨ।

ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਦਿੱਲੀ ਮਹਿਲਾ ਕਮਿਸ਼ਨ ਕਾਨੂੰਨੀ ਸਲਾਹ ਲਵੇਗਾ। ਉਨ੍ਹਾਂ ਉਪ ਰਾਜਪਾਲ ਨੂੰ ਸਵਾਲ ਵੀ ਕੀਤਾ ਹੈ ਕਿ ਪਿਛਲੇ ਨੌਂ ਸਾਲਾਂ ਤੋਂ ਇਹ ਠੇਕੇ ’ਤੇ ਰੱਖੇ ਮੁਲਾਜ਼ਮ ਕੰਮ ਕਰ ਰਹੇ ਹਨ, ਪਰ ਉਸ ਸਮੇਂ ਇਨ੍ਹਾਂ ਨੂੰ ਬੇਨਿਯਮੀਆਂ ਦਾ ਖ਼ਿਆਲ ਨਹੀਂ ਆਇਆ? ਉਸ ਸਮੇਂ ਅਜਿਹਾ ਕਿਉਂ ਨਹੀਂ ਕੀਤਾ ਗਿਆ?ਹੁਣ ਅਜਿਹਾ ਕੀ ਹੋ ਗਿਆ ਹੈ ਕਿ ਸਾਰੇ ਮੁਲਾਜ਼ਮ ਹਟਾਏ ਜਾ ਰਹੇ ਹਨ?