ਪਿਛਲੇ ਦਿਨੀਂ ਪੰਜਾਬ ਦੇ ਨੰਗਲ ਵਿੱਚ ਡੇਢ ਸਾਲਾ ਬੱਚੇ ਦੇ ਬਾਲ਼ਟੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਮਾਪਿਆਂ ਦੀ ਅਣਗਹਿਲੀ ਦਾ ਮੁੱਲ ਛੋਟੇ ਬੱਚੇ ਨੂੰ ਤਾਰਨਾ ਪਿਆ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਵੀਡੀਓ ਚੇਨਈ ਦਾ ਦੱਸਿਆ ਜਾ ਰਿਹਾ ਹੈ।
ਇਸ ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਇੱਕ ਬੱਚਾ ਕਿੰਞ ਇੱਕ ਚਮਤਕਾਰੀ ਢੰਗ ਨਾਲ ਬਚ ਜਾਂਦਾ ਹੈ। ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਅੱਜ ਸਵੇਰੇ ਸਾਢੇ 12 ਵਜੇ ਐਕਸ ’ਤੇ ਪੋਸਟ ਕੀਤਾ ਗਿਆ ਸੀ ਤੇ ਹੁਣ ਤਕ 452K ਵਿਊਜ਼ ਆ ਚੁੱਕੇ ਹਨ।
ਵੀਡੀਓ ਵਿੱਚ ਇੱਕ ਛੋਟਾ ਬੱਚਾ ਇਮਾਰਤ ਦੀ ਦੂਜੀ ਮੰਜ਼ਿਲ ਦੇ ਛੱਜੇ ’ਤੇ ਲਮਕਦਾ ਨਜ਼ਰ ਆ ਰਿਹਾ ਹੈ, ਜਿੱਥੇ ਕੋਈ ਰੇਲਿੰਗ ਵੀ ਨਹੀਂ ਹੈ। ਪਹਿਲਾਂ ਬੱਚੇ ਨੂੰ ਏਦਾਂ ਲਮਕਦਾ ਵੇਖ ਲੋਕ ਹੇਠਾਂ ਚਾਦਰਾਂ ਤਾਣ ’ਕੇ ਖੜੇ ਹੋ ਜਾਂਦੇ ਹਨ, ਕਿ ਜੇ ਬੱਚਾ ਡਿੱਗਾ ਤਾਂ ਕੱਪੜੇ ਵਿੱਚ ਡਿੱਗੇਗਾ ਤੇ ਉਸ ਨੂੰ ਸੱਟ ਲੱਗਣੋਂ ਬਚਾਈ ਜਾ ਸਕਦੀ ਹੈ। ਪਰ ਆਖ਼ਰ ਹੇਠਲੀ ਇਮਾਰਤ ਦੀ ਖਿੜਕੀ ਤੋਂ ਕੁਝ ਆਦਮੀ ਬਾਹਰ ਨਿਕਲ ਕੇ ਇੱਕ-ਦੂਜੇ ਦੇ ਸਹਾਰੇ ਨਾਲ ਬੱਚੇ ਨੂੰ ਬਚਾ ਲੈਂਦੇ ਹਨ।
ਜਿਸ ਕਿਸੇ ਨੇ ਵੀ ਇਹ ਵੀਡੀਓ ਵੇਖੀ, ਹਰ ਕਿਸੇ ਦਾ ਸਵਾਲ ਸੀ ਕਿ ਆਖ਼ਰ ਏਨਾ ਛੋਟਾ ਬੱਚਾ ਉਸ ਖ਼ਤਰਨਾਕ ਥਾਂ ਤਕ ਪਹੁੰਚਿਆ ਕਿਵੇਂ? ਤਾਂ ਵੀਡੀਓ ਪੋਸਟ ਕਰਨ ਵਾਲੇ ਐਕਸ ਹੈਂਡਲ ਤੋਂ ਜਵਾਬ ਆਇਆ ਕਿ ਅਸਲ ਵਿੱਚ ਬੱਚੇ ਦੀ ਮਾਂ ਪੋਚਾ ਚੁੱਕ ਰਹੀ ਸੀ, ਤਾਂ ਇਸੇ ਦੌਰਾਨ ਬੱਚਾ ਖਿਸਕ ਕੇ ਚੌਥੀ ਮੰਜ਼ਲ ਤੋਂ ਹੇਠਾਂ ਡਿੱਗਾ ਤੇ ਦੂਜੀ ਮੰਜ਼ਲ ਦੇ ਛੱਜੇ ’ਤੇ ਲਮਕ ਗਿਆ। ਸਚਮੁੱਚ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
— Ghar Ke Kalesh (@gharkekalesh) April 28, 2024