ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਸ਼ੰਭੂ, ਡੱਬਵਾਲੀ, ਖਨੌਰੀ ਅਤੇ ਰਤਨਪੁਰਾ ਰਾਜਸਥਾਨ ਵਿਖੇ ਲਗਾਇਆ ਧਰਨਾ ਮੰਗਾਂ ਨਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੋਰਚੇ ਨੂੰ ਮਜ਼ਬੂਤ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਕੱਲ੍ਹ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ।
ਬੀਤੇ ਦਿਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀ ਕਿ ਚੋਣ ਮਨੋਰਥ ਪੱਤਰ ਬਰੀਫਕੇਸ ਵਿੱਚ ਰੱਖਣ ਲਈ ਨਹੀਂ ਹੁੰਦਾ, ਇਸ ਨੂੰ ਮੀਡੀਆ ਵੱਲੋਂ ਲੋਕਾਂ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਤੇ ਤੰਜ ਕੱਸਦਿਆਂ ਪੰਧੇਰ ਨੇ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਦੇ 2014 ਅਤੇ 2019 ਦੇ ਚੋਣ ਮਨੋਰਥ ਪੱਤਰ ਲੋਕਾਂ ਸਾਹਮਣੇ ਰੱਖਣ।
ਪੰਧੇਰ ਨੇ ਕਿਹਾ ਕਿ ਮੀਡੀਆ ਨੂੰ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ, ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ, ਕਿਸਾਨਾਂ ਦੀ 2022 ਤੱਕ ਆਮਦਨ ਦੁਗਣੀ ਕਰਨ ਵਰਗੇ ਕਈ ਵਾਅਦੇ ਕੀਤੇ ਸਨ ਜੋ ਹਾਲੇ ਤੱਕ ਪੂਰੇ ਨਹੀਂ ਹੋਏ।
ਪੰਧੇਰ ਨੇ ਮੋਦੀ ਸਰਕਾਰ ਤੇ ਵਿਸਵਾਸ਼ਘਾਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ 2021 ਵਿੱਚ ਚਿੱਠੀ ਜਾਰੀ ਕਰ ਬਿਜਲੀ ਸੋਧ ਬਿੱਲ ਲਾਗੂ ਨਾ ਕਰਨ ਤੇ ਐਮੈਸਪੀ (MSP) ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਸਰਕਾਰ ਨੇ ਅਜੇ ਤੱਕ ਪੂਰਾ ਨਹੀਂ ਕੀਤਾ ਅਤੇ ਬਿਜਲੀ ਸੋਧ ਬਿੱਲ ਨੂੰ ਸਰਕਾਰ ਫਿਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਧੇਰ ਨੇ ਭਾਜਪਾ ਅਤੇ ਆਰਐਸਐਸ (RSS) ਨੂੰ ਘੱਟ ਗਿਣਤੀਆਂ, ਦਲਿਤਾਂ ਅਤੇ ਆਦਿਵਾਸੀਆਂ ਦੀ ਵਿਰੋਧੀ ਜਮਾਤ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੀ ਨੀਤੀ ਘੱਟ ਗਿਣਤੀਆਂ, ਦਲਿਤਾਂ ਅਤੇ ਆਦਿਵਾਸੀਆਂ ਲਈ ਖ਼ਤਰਨਾਕ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਬੇਮੌਸਮੀ ਬਾਰਿਸ਼ ਕਾਰਨ ਕਿਸਾਨ ਪਰੇਸ਼ਾਨ ਹੋ ਰਿਹਾ ਹੈ, ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਭਿੱਜ ਰਹੀ ਹੈ। ਪਰ ਸਰਕਾਰ ਵੱਲੋਂ ਇੱਕ ਸ਼ਬਦ ਵੀ ਕਿਸਾਨਾਂ ਲਈ ਮੂੰਹੋਂ ਨਹੀਂ ਕੱਢਿਆ ਗਿਆ।
ਇਹ ਵੀ ਪੜ੍ਹੋ – ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਦੀ ਵਿਵਾਦਤ ਟਿੱਪਣੀ, ਸਿੱਖ ਭਾਈਚਾਰਾ ਨਰਾਜ਼