ਲੋਕ ਸਭਾ ਚੋਣਾਂ 2024 (Lok Sabha Elections 2024) ਲਈ ਬੀਜੇਪੀ ਦਾ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਾ ਬਾਹਲ਼ਾ ਔਖਾ ਹੋਇਆ ਜਾਪ ਰਿਹਾ ਹੈ। ਬੀਜੇਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀ ਵਿੰਡ ਤੇ ਸੁਰ ਸਿੰਘ ਵਿਖੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਬੀਜੇਪੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਿਕ) ਵੱਲੋਂ ਭਾਰੀ ਵਿਰੋਧ ਕੀਤਾ ਗਿਆ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਪ੍ਰਧਾਨ ਤੇ ਗੁਰ ਸਾਹਿਬ ਸਿੰਘ ਕਿਸਾਨ ਆਗੂ ਨੇ ਕਿਹਾ ਕਿ ਅੱਜ ਉਨ੍ਹਾਂ ਸੁਰ ਸਿੰਘ ਤੇ ਕਸਬਾ ਭਿੱਖੀਵਿੰਡ ਵਿਖੇ ਬੀਜੇਪੀ ਉਮੀਦਵਾਰ ਮੰਨਾ ਦਾ ਵਿਰੋਧ ਕਰਕੇ ਉਨ੍ਹਾਂ ਤੋਂ ਸਵਾਲ ਪੁੱਛੇ ਹਨ ਕਿ ਖਨੌਰੀ ਤੇ ਸਿੰਘੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕੀ ਕਸੂਰ ਸੀ? ਉਨ੍ਹਾਂ ਉੱਪਰ ਗੋਲ਼ੀਆਂ ਕਿਉਂ ਚਲਾਈਆਂ ਗਈਆਂ ਅਤੇ ਉਨਾਂ ਦਾ ਨੌਜਵਾਨ ਕਿਸਾਨ ਸ਼ੁਭ ਕਰਨ ਨੂੰ ਕਿਸ ਕਾਰਨ ਕਰਕੇ ਸ਼ਹੀਦ ਕੀਤਾ ਗਿਆ?
ਉਨ੍ਹਾਂ ਕਿਹਾ ਕਿ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਪਿੰਡਾਂ ਵਿੱਚ ਜਾਰੀ ਰਹਿਣਗੇ।