India

ਸਲਮਾਨ ਖਾਨ ਦੇ ਘਰ ‘ਤੇ ਹਮਲਾ: ਲਾਰੇਂਸ ਵਿਸ਼ਨੋਈ ਦੇ ਭਰਾ ਅਨਮੋਲ ਨੇ ਲਈ ਜ਼ਿੰਮੇਵਾਰੀ

ਬਾਲੀਵੁਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਅੱਜ ਤੜਕੇ 5 ਵਜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ । ਪੁਲਿਸ ਨੂੰ 3 ਰਾਊਂਡ ਫਾਇਰਿੰਗ ਦੀ ਸੂਚਨਾ ਮਿਲੀ ਸੀ ਜਿਸਤੋਂ ਬਾਅਦ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਜਾਂਚ ਲਈ ਮੌਕੇ ‘ਤੇ ਪਹੁੰਚ ਗਈ।

ਲਾਰੇਂਸ ਵਿਸ਼ਨੋਈ ਦੇ ਭਰਾ ਅਨਮੋਲ ਵਿਸ਼ਨੋਈ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਦਾ ਦਾਅਵਾ ਕਰਨ ਵਾਲੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ‘ਚ ਲਿਖਿਆ ਗਿਆ ਹੈ ਕਿ ਇਹ ਗੋਲੀਬਾਰੀ ਸਲਮਾਨ ਖਾਨ ਨੂੰ ਟਰੇਲਰ ਦਿਖਾਉਣ ਲਈ ਕੀਤੀ ਗਈ ਹੈ, ਇਹ ਪਹਿਲੀ ਤੇ ਆਖਰੀ ਚਿਤਾਵਨੀ ਹੈ ਇਸ ਤੋਂ ਬਾਅਦ ਗੋਲੀਆਂ ਖਾਲੀ ਘਰ ਤੇ ਨਹੀਂ ਚੱਲਣਗੀਆਂ|ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸਲਮਾਨ ਖਾਨ ਦੇ ਘਰ ਦੇ ਅੰਦਰੋਂ ਇੱਕ ਗੋਲੀ ਮਿਲੀ ਹੈ।

ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ । ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ । ਫੁਟੇਜ ‘ਚ ਦੋ ਬਾਈਕ ਸਵਾਰਾਂ ਨੂੰ ਮੁੰਬਈ ਦੇ ਬਾਂਦਰਾ ‘ਚ ਦੇਖਿਆ ਗਿਆ ਹੈ।

ਕੁਝ ਸੈਕਿੰਡ ਦੇ ਇਸ ਵੀਡੀਓ ‘ਚ ਦੋ ਬਾਈਕ ਸਵਾਰਾਂ ਨੂੰ ਤੇਜ਼ ਰਫਤਾਰ ਨਾਲ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ‘ਚ 5 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਹਨ।  ਮੁੰਬਈ ਕਰਾਈਮ ਬ੍ਰਾਂਚ ਦੇ ਮੁਤਾਬਕ ਹਮਲਾਵਰ ਮਹਾਰਾਸ਼ਟਰ ਤੋਂ ਬਾਹਰ ਦੇ ਸਨ, ਕਰਾਈਮ ਬ੍ਰਾਂਚ ਨੂੰ ਸਲਮਾਨ ਖਾਨ ਦੇ ਘਰ ਦੇ ਅੰਦਰੋਂ ਇੱਕ ਖਾਲੀ ਖੋਲ ਵੀ ਮਿਲਿਆ ਹੈ | ਮੁੰਬਈ ਪੁਲਸ ਨੂੰ ਗੋਲੀਬਾਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦਾ ਮੋਟਰਸਾਈਕਲ ਵੀ ਮਿਲ ਗਿਆ ਹੈ |