ਬਿਉਰੋ ਰਿਪੋਰਟ: IAS ਪਰਮਪਾਲ ਕੌਰ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਵੀ ਸਿਆਸਤ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ। ਉਹ ਬੀਜੇਪੀ ਵਿੱਚ ਸ਼ਾਮਲ ਹੋ ਕੇ ਹੁਸ਼ਿਆਰਪੁਰ ਦੀ ਰਿਜ਼ਰਵ ਸੀਟ ਤੋਂ ਚੋਣ ਲੜ ਸਕਦੇ ਹਨ। ਹਾਲਾਂਕਿ ਪਾਰਟੀ ਦੇ ਆਗੂ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਸਹੋਤਾ ਦੀ ਅਗਵਾਈ ਵਾਲੀ SIT ਨੇ ਹੀ ਬਰਗਾੜੀ ਬੇਅਦਬੀ ਮਾਮਲੇ ਵਿੱਚ 2 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦਾ ਲਿੰਕ ਪਾਕਿਸਤਾਨ ਨਾਲ ਜੋੜਿਆ ਸੀ, ਵਿਵਾਦ ਤੋਂ ਬਾਅਦ ਦੋਵੇ ਨੌਜਵਾਨਾਂ ਨੂੰ ਛੱਡਣਾ ਪਿਆ ਸੀ।
1988 ਬੈਚ ਦੇ ਇਕਬਾਲ ਸਿੰਘ ਸਹੋਰਾ ਨੂੰ ਸਤੰਬਰ 2022 ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਡੀਜੀਪੀ ਬਣਾਇਆ ਸੀ ਪਰ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ। ਸਿੱਧੂ ਨੇ ਉਨ੍ਹਾਂ ‘ਤੇ ਬੇਅਦਬੀ ਦੇ ਮੁਲਜ਼ਮਾਂ ਦੀ ਮਦਦ ਦਾ ਇਲਜ਼ਾਮ ਲਗਾਇਆ ਸੀ।
ਇਸ ਵਜ੍ਹਾ ਨਾਲ ਸਹੋਤਾ ਦਾ ਨਾਂ ਅੱਗੇ ਚੱਲ ਰਿਹਾ ਹੈ
ਹੁਸ਼ਿਆਰਪੁਰ ਲੋਕਸਭਾ ਤੋਂ ਮੌਜੂਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਐੱਮਪੀ ਹਨ। ਹਾਈਕਮਾਨ ਵੱਲੋਂ ਐਲਾਨੀ ਪਹਿਲੀ ਲਿਸਟ ਵਿੱਚ ਉਨ੍ਹਾਂ ਦੇ ਨਾਂ ਦਾ ਐਲਾਨ ਨਹੀਂ ਹੋਇਆ ਹੈ। ਵੈਸੇ ਹੁਸ਼ਿਆਰਪੁਰ ਤੋਂ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦਾ ਨਾਂ ਵੀ ਹੈ। ਪਰ ਸੋਮ ਪ੍ਰਕਾਸ਼ ਅਤੇ ਸਾਂਪਲਾ ਵਿੱਚ ਚੰਗੇ ਰਿਸ਼ਤੇ ਨਹੀਂ ਹਨ ਇਸ ਲਈ ਪਾਰਟੀ ਇਕਬਾਲ ਸਿੰਘ ਸਹੋਤਾ ‘ਤੇ ਦਾਅ ਖੇਡ ਸਕਦੀ ਹੈ।
ਪਿਤਾ BSP ਤੋਂ ਚੋਣ ਲੜ ਚੁੱਕੇ ਹਨ
ਇਕਬਾਲ ਸਿੰਘ ਸਹੋਤਾ ਦੇ ਪਰਿਵਾਰ ਦਾ ਸਬੰਧ ਸਿਆਸਤ ਨਾਲ ਰਿਹਾ ਹੈ। ਦੋ ਦਹਾਕੇ ਪਹਿਲਾਂ ਦਸੂਹਾ ਤੋਂ ਉਨ੍ਹਾਂ ਦੇ ਪਿਤਾ BSP ਤੋਂ ਚੋਣ ਲੜ ਚੁੱਕੇ ਹਨ। ਸਹੋਤਾ ਨੇ ਆਪਣੇ ਸਿਆਸਤ ਵਿੱਚ ਜਾਣ ਤੋਂ ਇਨਕਾਰ ਨਹੀਂ ਕੀਤਾ ਹੈ । ਉਨ੍ਹਾਂ ਨੇ ਕਿਹਾ ਮੇਰਾ ਪਰਿਵਾਰ ਪਹਿਲਾਂ ਹੀ ਸਿਆਸਤ ਵਿੱਚ ਸੀ।