ਬਿਉਰੋ ਰਿਪੋਰਟ – ਪਟਿਆਲਾ ( Patiala) ‘ਚ 10 ਸਾਲਾ ਮਾਸੂਮ ਲੜਕੀ ਮਾਨਵੀ ਦੀ ਆਪਣੇ ਹੀ ਜਨਮ ਦਿਨ (Birthday) ‘ਤੇ ਕੇਕ ਖਾਣ ਨਾਲ ਹੋਈ ਮੌਤ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਹੁਣ ਲੜਕੀ ਦੀ ਮੌਤ ਦਾ ਕਾਰਨ ਬਣੇ ਕੇਕ ਨੂੰ ਲੈਣ ਲਈ ਉਸ ਦੇ ਪਰਿਵਾਰਕ ਮੈਂਬਰ ਖੁਦ ਡਰੱਗਜ਼, ਫੂਡ ਐਂਡ ਕੈਮੀਕਲ ਟੈਸਟਿੰਗ ਲੈਬ ਖਰੜ ਪੁੱਜੇ ਹਨ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਮਾਮਲੇ ‘ਚ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਕ ਵਾਲੀ ਕੰਪਨੀ ਦੇ ਮਾਲਕ ਗੁਰਪ੍ਰੀਤ ਸਿੰਘ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਅਜਿਹੇ ‘ਚ ਉਨ੍ਹਾਂ ਨੇ ਹੁਣ ਆਪਣੇ ਪੱਧਰ ‘ਤੇ ਕੇਕ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਤਾਂ ਜੋ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ।
ਮ੍ਰਿਤਕ ਦੇ ਨਾਨਾ ਹਰਬੰਸ ਲਾਲ ਦਾ ਕਹਿਣਾ ਹੈ ਕਿ ਅਸੀਂ ਆਪਣੇ ਜਿਗਰ ਦਾ ਟੁਕੜਾ ਗੁਆ ਚੁੱਕੇ ਹਾਂ ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਦੇ ਬੱਚੇ ਨਾਲ ਇਸ਼ ਤਰ੍ਹਾਂ ਹੋਵੇ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਦਾਇਰ ਜਨਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।
ਪੂਰੇ ਪਰਿਵਾਰ ਦੀ ਵਿਗੜੀ ਸੀ ਸਿਹਤ
ਹਸਬੰਸ ਲਾਲ ਨੇ ਦੱਸਿਆ ਕਿ ਉਸ ਦੀ ਦੋਹਤੀ ਦੀ ਮੌਤ ਕੇਕ ਖਾਣ ਨਾਲ ਹੋਈ ਸੀ। ਕੇਕ ਸਾਰੇ ਪਰਿਵਾਰ ਨੇ ਖਾਦਾ ਸੀ ਜਿਸ ਕਾਰਨ ਸਾਰੇ ਪਰਿਵਾਰ ਦੀ ਸਿਹਤ ਖਰਾਬ ਹੋਈ ਸੀ। ਹਸਬੰਸ ਲਾਲ ਨੇ ਦੱਸਿਆ ਕਿ ਦੋਹਤੀ ਦੀ ਮੌਤ ਤੋਂ ਬਾਅਦ ਮੇਰੀ ਵੀ ਸਿਹਤ ਖਰਾਬ ਹੋਈ ਸੀ ਜਿਸ ਕਾਰਨ ਪੀਜੀਆਈ ਤੋਂ ਦਵਾਈ ਲੈਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਕ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਕਿ ਇਸ ਦੀ ਜਾਂਚ ਕਰਵਾਈ ਜਾ ਸਕੇ।
ਇਸ ਤਰ੍ਹਾਂ ਗਈ ਸੀ ਲੜਕੀ ਦੀ ਜਾਨ
ਪਟਿਆਲਾ ਦੇ ਅਮਨ ਨਗਰ ਦੀ ਰਹਿਣ ਵਾਲੀ ਕਾਜਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ 24 ਮਾਰਚ ਨੂੰ ਸ਼ਾਮ 6 ਵਜੇ ਇੱਕ ਆਨਲਾਈਨ ਕੰਪਨੀ ਤੋਂ ਕੇਕ ਮੰਗਵਾਇਆ ਸੀ। ਸ਼ਾਮ ਕਰੀਬ 6.30 ਵਜੇ ਜ਼ੋਮੈਟੋ ਕੰਪਨੀ ਵੱਲੋਂ ਕੇਕ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ। 7:15 ਵਜੇ ਕੇਕ ਕੱਟਿਆ ਗਿਆ। ਕੇਕ ਖਾਣ ਤੋਂ ਬਾਅਦ ਲੜਕੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਹਰ ਕੋਈ ਉਲਟੀਆਂ ਕਰ ਰਿਹਾ ਸੀ।
ਉਸ ਦੀ ਛੋਟੀ ਭੈਣ ਦੀ ਸਿਹਤ ਵਿਗੜ ਗਈ ਸੀ। ਫਿਰ ਉਸਨੂੰ ਹਸਪਤਾਲ ਲੈ ਗਏ। ਅਗਲੀ ਸਵੇਰ 5.30 ਵਜੇ ਬੱਚੀ ਦੀ ਹਸਪਤਾਲ ‘ਚ ਮੌਤ ਹੋ ਗਈ, ਜਦਕਿ ਛੋਟੀ ਬੱਚੀ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ।
ਸਰਕਾਰ ਨੇ ਸਿਹਤ ਵਿਭਾਗ ਤੋਂ ਮੰਗੀ ਹੈ ਰਿਪੋਰਟ
ਇਸ ਮਾਮਲੇ ਵਿੱਚ ਸਰਕਾਰ ਕਾਫੀ ਗੰਭੀਰ ਹੈ। ਜਿਸ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਸ ਸਾਰੇ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਤੋਂ ਰਿਪੋਰਟ ਮੰਗੀ ਗਈ ਹੈ।