Punjab

ਇਸ ਥਾਂ ਤੋਂ ਚੋਣ ਲੜਨਗੇ ਮਰਹੂਮ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ

ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਸੂਬੇ ਦੀਆਂ ਸਿਆਸੀ ਪਾਰਟੀਆਂ ਮੈਦਾਨ ਵਿੱਚ ਆ ਗਈਆਂ ਹਨ। ਇਸੇ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਤਮ ਕਰਨ ਵਾਲੇ ਮੁਖ ਮੁਲਜ਼ਮ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਵਜੋਂ ਫਰੀਦਕੋਟ (SC ਰਾਖਵੇਂ) ਸੰਸਦੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਹਨ।

ਸਰਬਜੀਤ (45) ਨੇ ਇਸ ਤੋਂ ਪਹਿਲਾਂ 2004 ਵਿੱਚ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ 1,13,490 ਵੋਟਾਂ ਹਾਸਲ ਕੀਤੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ 2007 ਵਿੱਚ ਬਰਨਾਲਾ ਜ਼ਿਲ੍ਹੇ ਦੇ ਭਦੌੜ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਅਤੇ 15,702 ਵੋਟਾਂ ਹਾਸਲ ਕੀਤੀਆਂ ਸਨ।

ਉਨ੍ਹਾਂ ਦੀ ਮਾਤਾ ਬਿਮਲ ਕੌਰ ਖਾਲਸਾ 1989 ਵਿੱਚ ਰੋਪੜ ਤੋਂ ਕਰੀਬ 4,24,010 ਵੋਟਾਂ ਲੈ ਕੇ ਸੰਸਦ ਮੈਂਬਰ ਬਣੀ ਸੀ ਅਤੇ ਦਾਦਾ ਸੁੱਚਾ ਸਿੰਘ 1989 ਵਿੱਚ 3,16,979 ਵੋਟਾਂ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਬਣੇ ਸਨ। ਬਾਰ੍ਹਵੀਂ ਜਮਾਤ ਪਾਸ ਸਰਬਜੀਤ ਨੇ ਦੱਸਿਆ ਕਿ ਉਸ ਦਾ ਪਰਿਵਾਰ ਚੰਡੀਗੜ੍ਹ ਨੇੜੇ ਮਲੋਆ ਪਿੰਡ ਦਾ ਰਹਿਣ ਵਾਲਾ ਹੈ।

ਇਸ ਹਲਕੇ ਤੋਂ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਭਾਜਪਾ ਅਤੇ ਅਦਾਕਾਰ-ਗਾਇਕ ਕਰਮਜੀਤ ਅਨਮੋਲ ‘ਆਪ’ ਦੇ ਉਮੀਦਵਾਰ ਹਨ। ਅਕਾਲੀ ਦਲ ਅਤੇ ਕਾਂਗਰਸ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਲੋਕ ਗਾਇਕ ਮੁਹੰਮਦ ਸਦੀਕ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਹਨ।