ਬਿਉਰੋ ਰਿਪੋਰਟ – ਖਹਿਰਾ ਦੇ ਹੱਕ ‘ਚ ਪੰਜਾਬ ਸਰਕਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਸੁਣਕੇ ਤੇ ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ । ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ( Sukhpal singh Khaira) ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਸੁਪਰੀਮ ਕੋਰਟ(Supreme court) ਵਿੱਚ ਪੰਜਾਬ ਸਰਕਾਰ ਨੇ ਦੱਸਿਆ ਹੈ ਕਿ 2015 ਦੇ ਡਰੱਗ ਮਾਮਲੇ ਵਿੱਚ ਅਸੀਂ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਟਰਾਈਲ ਨਹੀਂ ਚਲਾਵਾਂਗੇ । ਜਦਕਿ ਇਸੇ ਮਾਮਲੇ ਵਿੱਚ ਹੀ ਪਿਛਲੇ ਸਾਲ ਮਾਨ ਸਰਕਾਰ ਨੇ SIT ਦੀ ਰਿਪੋਰਟ ਦੇ ਅਧਾਰ ਤੇ 5 ਮਹੀਨੇ ਖਹਿਰਾ ਨੂੰ ਜੇਲ੍ਹ ਵਿੱਚ ਰੱਖਿਆ ਸੀ । 4 ਜਨਵਰੀ ਨੂੰ ਜਦੋਂ ਖਹਿਰਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਬੇਲ ਮਿਲੀ ਸੀ ਤਾਂ ਉਸੇ ਦਿਨ ਕਪੂਰਥਲਾ ਵਿੱਚ ਗਵਾਹਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਗਿਆ ਸੀ ਅਤੇ ਖਹਿਰਾ ਨੂੰ 15 ਦਿਨ ਹੋਰ ਜੇਲ੍ਹ ਰਹਿਣਾ ਪਿਆ ਸੀ । ਹਾਈਕੋਰਟ ਤੋਂ ਮਿਲੀ ਜ਼ਮਾਨਤ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਵੀ ਪਹੁੰਚੀ । ਪਰ ਹੁਣ ਅਦਾਲਤ ਵਿੱਚ ਪੰਜਾਬ ਸਰਕਾਰ ਦਾ ਬਦਲਿਆ ਹੋਇਆ ਰੁੱਖ ਹੈਰਾਨ ਕਰਨ ਵਾਲਾ ਹੈ ।
— Sukhpal Singh Khaira (@SukhpalKhaira) April 10, 2024
2015 ਦੇ ਡਰੱਗ ਮਾਮਲੇ ਵਿੱਚ ਫਾਜ਼ਿਲਕਾ ਕੋਰਟ ਨੇ 2018 ਵਿੱਚ 11 ਲੋਕਾਂ ਨੂੰ ਸਜ਼ਾ ਸੁਣਵਾਈ ਸੀ । ਸਜ਼ਾ ਵਾਲੇ ਦਿਨ ਤਤਕਾਲੀ ਕੈਪਟਨ ਸਰਕਾਰ ਦੇ ਵਕੀਲ ਨੇ ਇਸ ਵਿੱਚ ਖਹਿਰਾ ਦਾ ਨਾਂ ਵੀ ਡਰੱਗ ਮਾਮਲੇ ਵਿੱਚ ਜੋੜ ਦਿੱਤਾ ਸੀ ਅਤੇ ਫਾਜਿਲਕਾ ਅਦਾਲਤ ਨੇ ਖਹਿਰਾ ਨੂੰ ਸੰਮਨ ਭੇਜਿਆ ਸੀ। ਖਹਿਰਾ ਨੇ ਹਾਈਕੋਰਟ ਵਿੱਚ ਸੰਮਨ ਨੂੰ ਚੁਣੌਤੀ ਦਿੱਤੀ ਪਰ ਰਾਹਤ ਨਹੀਂ ਮਿਲੀ, ਫਿਰ ਸੁਪਰੀਮ ਕੋਰਟ ਨੇ ਸੰਮਨ ਤੇ ਰੋਕ ਲੱਗਾ ਦਿੱਤੀ । ਈਡੀ ਨੇ ਵੀ ਇਸ ਮਾਮਲੇ ਵਿੱਚ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾ ਖਹਿਰਾ ਨੂੰ ਗ੍ਰਿਫਤਾਰ ਕੀਤਾ ਸੀ। ਪਰ ਇਸ ਦੇ ਬਾਵਜੂਦ 2023 ਦੇ ਸ਼ੁਰੂਆਤ ਵਿੱਚ ਪੰਜਾਬ ਸਰਕਾਰ ਨੇ ਇੱਕ SIT ਜਾਂਚ ਮੁੜ ਤੋਂ ਬਿਠਾ ਦਿੱਤੀ ਸੀ ।