ਬਿਉਰੋ ਰਿਪੋਰਟ : ਸ਼ੰਭੂ ਅਤੇ ਖਨੌਰੀ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਹੁਣ ਹੌਲੀ-ਹੌਲੀ ਵੱਡੇ ਗਾਇਕਾਂ ਦਾ ਸਾਥ ਮਿਲਣਾ ਸ਼ੁਰੂ ਹੋ ਗਿਆ ਹੈ । ਮਸ਼ਹੂਰ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਗਾਣਾ ਰਿਲੀਜ਼ ਕੀਤਾ ਹੈ । ਜਿਸ ਦੀ ਕਿਸਾਨਾਂ ਨੇ ਸ਼ਲਾਘਾ ਕੀਤਾ ਹੈ । ਇਸ ਤੋਂ ਪਹਿਲਾਂ ਰੇਸ਼ਮ ਸਿੰਘ ਅਨਮੋਲ ਅਤੇ ਸ਼੍ਰੀ ਬਰਾੜ ਅਤੇ ਹਰਿਆਣਾ ਦੇ ਗਾਇਕ ਵੀ ਕਿਸਾਨਾਂ ਦੇ ਹੱਕ ਵਿੱਚ ਗਾਣਾ ਗਾ ਚੁੱਕੇ ਹਨ ।
ਗਾਇਕ ਬੱਬੂ ਮਾਨ ਦੇ ਵੱਲੋਂ 3.38 ਮਿੰਟ ਦੇ ਗਾਏ ਗਾਣੇ ਨੂੰ 24 ਘੰਟੇ ਦੇ ਅੰਦਰ ਡੇਢ ਲੱਖ ਤੋਂ ਵੱਧ ਲੋਕ ਸੁਣ ਚੁੱਕੇ ਹਨ । ਗਾਣੇ ਦੇ ਬੋਲ ਹਨ ‘ਅਸੀਂ ਧਰਨੇ ਵਾਲੇ ਹਾਂ’,ਕਿਸਾਨਾਂ ਦੇ ਇਸ ਵਾਰ ਦੇ ਧਰਨੇ ਵਿੱਚ ਉਨ੍ਹਾਂ ਦੇ ਹੱਕ ਵਿੱਚ ਬੋਲਣ ਵਾਲਿਆਂ ਵਿੱਚ ਹੁਣ ਤੱਕ ਗਾਇਕ ਬੱਬੂ ਮਾਨ ਹੀ ਸਭ ਤੋਂ ਵੱਡਾ ਨਾਂ ਨਜ਼ਰ ਆ ਰਿਹਾ ਹੈ
ਇਸ ਤੋਂ ਪਹਿਲਾਂ ਗਾਇਕ ਬੱਬੂ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਪਿੰਡ ਰੁੜਕਾ ਕਲਾਂ ਜਲੰਧਰ ਦੀ ਸੀ । ਜਿੱਥੇ ਬੀਤੇ ਦਿਨੀ ਉਨ੍ਹਾਂ ਦਾ ਲਾਈਵ ਸ਼ੋਅ ਹੋਇਆ । ਬੱਬੂ ਮਾਨ ਨੇ ਸਟੇਜ ਤੋਂ ਕਿਸਾਨਾਂ ਦਾ ਹੌਸਲਾ ਵਧਾਇਆ ਸੀ ਅਤੇ WTO ਦਾ ਵਿਰੋਧ ਕੀਤਾ ਸੀ। ਗੀਤ ਦੀ ਪੇਸ਼ਕਾਰੀ ਦੌਰਾਨ ਬੋਲਿਆ ਸੀ ‘ਜਿਹੜੇ ਜਵਾਨ ਡਾਂਗਾਂ ਵਰਾਉਂਦੇ ਹਨ ਉਨ੍ਹਾਂ ਨੂੰ ਕਿਸਾਨ ਰਾਤੀ ਲੰਗਰ ਛਕਾਉਂਦੇ ਨੇ, ਨਾਨਕ ਦੇ ਪੁੱਤਰਾਂ ‘ਤੇ ਸਾਨੂੰ ਵੱਡਾ ਮਾਣ ਏ,ਉਧਰ ਜਵਾਨ ਹੈ .. ਅਤੇ ਇੱਥੇ ਕਿਸਾਨ ਹੈ…ਨਵੇਂ ਵਰਲਡ ਆਰਡਰ ਦਾ ਹੋਇਆ ਵੱਡਾ ਨੁਕਸਾਨ ਹੈ …ਉੱਥੇ ਜਵਾਨ ਹੈ … ਇੱਥੇ ਕਿਸਾਨ ਹੈ …
ਪਹਿਲੇ ਕਿਸਾਨ ਅੰਦਲੋਨ ਵਿੱਚ ਵੀ ਦਿੱਤਾ ਸੀ ਸਾਥ
ਬੱਬੂ ਮਾਨ ਉਨ੍ਹਾਂ ਗਾਇਕਾਂ ਵਿੱਚੋ ਇੱਕ ਹਨ ਜਿੰਨਾਂ ਨੇ ਕਿਸਾਨ ਅੰਦੋਲਨ -1 ਵਿੱਚ ਵੀ ਕਿਸਾਨਾਂ ਦਾ ਸਾਥ ਦਿੱਤਾ ਸੀ । ਹਰਭਜਨ ਮਾਨ,ਸਿੱਧੂ ਮੂਸੇਵਾਲਾ,ਦਿਲਜੀਤ ਦੁਸਾਂਝ,ਜੈਜ਼ੀ ਬੀ,ਕੰਵਰ ਗਰੇਵਾਲ,ਗਿੱਪੀ ਗਰੇਵਾਲ,ਐੱਮੀ ਵਿਰਕ ਅਤੇ ਰਣਜੀਤ ਬਾਵਾ ਵੀ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਏ ਸਨ । ਜਿੰਨਾਂ ਨੇ 2020-21 ਦੇ ਅੰਦੋਲਨ ਦੀ ਖੁੱਲ ਕੇ ਹਮਾਇਤ ਕੀਤੀ ਸੀ । ਪਰ ਇਸ ਵਾਰ ਘੱਟ ਹੀ ਗਾਇਕ ਸਾਹਮਣੇ ਆ ਰਹੇ ਹਨ । ਇਸ ਦੇ ਪਿੱਛੇ ਵੱਡਾ ਕਾਰਨ ਹੈ ਰਣਜੀਤ ਬਾਵਾ ਵਰਗੇ ਗਾਇਕਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਇਨਕਮ ਟੈਕਸ ਵਿਭਾਗ ਨੇ ਟਾਰਗੇਟ ਕੀਤਾ ਸੀ ਪਰ ਕੋਈ ਕਿਸਾਨ ਜਥੇਬੰਦੀ ਉਨ੍ਹਾਂ ਦੇ ਹੱਕ ਵਿੱਚ ਨਹੀਂ ਆਈ ਸੀ ।