Punjab

ਜਿਹੜੇ ਪੰਜਾਬੀ ਨਹੀਂ ਜਾਣਦੇ, ਉਹ ਪੰਜਾਬ ਦੇ ਨੰਬਰਦਾਰ ਬਣੇ : CM ਮਾਨ

CM Bhagwant Mann dedicated the first liver institute to the people of Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (PILBS) ਦਾ ਉਦਘਾਟਨ ਕੀਤਾ। ਇਸ ਸੰਸਥਾ ਦੀ ਸਥਾਪਨਾ ਮੁਹਾਲੀ ਵਿੱਚ ਕੀਤੀ ਗਈ ਹੈ। ਇੱਥੇ ਲੀਵਰ ਨਾਲ ਸਬੰਧਿਤ ਬਿਮਾਰੀਆਂ ਦਾ ਬਹੁਤ ਹੀ ਆਧੁਨਿਕ ਤਕਨੀਕ ਨਾਲ ਇਲਾਜ ਕੀਤਾ ਜਾਵੇਗਾ। ਉੱਤਰੀ ਭਾਰਤ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੈ। ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਰਹੇ।

ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਜਿਹੇ ਉਦਘਾਟਨੀ ਪ੍ਰੋਗਰਾਮ ਪੰਜਾਬ ਵਿੱਚ ਹੋਣੇ ਬੰਦ ਹੋ ਗਏ ਸਨ। ਕਿਉਂਕਿ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਸੀ, ਉਨ੍ਹਾਂ ਦਾ ਧਿਆਨ ਉਨ੍ਹਾਂ ਦੇ ਪਰਿਵਾਰਾਂ ‘ਤੇ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੱਸਾਂ, ਸਟੈਂਡਾਂ ਅਤੇ ਸ਼ਰਾਬ ਦੇ ਠੇਕਿਆਂ ਦੀ ਹਿੱਸੇਦਾਰੀ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ ਹੈ। ਪੰਜਾਬ ਵਿੱਚ 20 ਸਾਲਾਂ ਤੋਂ ਖ਼ੁਸ਼ੀਆਂ ਗ਼ਾਇਬ ਸਨ। ਉਨ੍ਹਾਂ ਵਿਰੋਧੀ ਪਾਰਟੀ ਦੇ ਆਗੂਆਂ ਦਾ ਨਾਂ ਲੈਂਦਿਆਂ ਕਿਹਾ ਕਿ ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਉਹ ਪੰਜਾਬ ਦੇ ਆਗੂ ਬਣ ਗਏ ਹਨ।

ਪ੍ਰਤਾਪ ਸਿੰਘ ਬਾਜਵਾ, ਸੁਖਬੀਰ ਬਾਦਲ, ਨਵਜੋਤ ਸਿੰਘ ਸਿੱਧੂ, ਹਰਸਿਮਰਤ ਕੌਰ, ਬਿਕਰਮ ਸਿੰਘ ਮਜੀਠੀਆ, ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸ਼ਰਤ ਲਗਾਉਂਦੇ ਹਨ ਕਿ ਇਹ ਲੋਕ ਪੰਜਾਬੀ ਦਾ ਪੇਪਰ ਪਾਸ ਨਹੀਂ ਕਰ ਸਕਦੇ। ਭਾਵੇਂ ਉਹ ਪਾਸ ਹੋਣ ਲਈ 33 ਦੀ ਬਜਾਏ 25 ਅੰਕ ਕਰ ਦੇਣ ਅਤੇ ਪ੍ਰਸ਼ਨ ਪਹਿਲਾਂ ਹੀ ਦੱਸ ਦੇਣ, ਫਿਰ ਵੀ ਇਹ ਪਾਸ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਪਰ ਉਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹੁਣ 70 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਟਾਟਾ ਸਟੀਲ ਲੁਧਿਆਣਾ ਵਿੱਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਲਗਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦੇ ਨਾਂ ਵੀ ਦੱਸੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾੜੇ ਸਮੇਂ ਵਿੱਚ ਵੀ ਨਿਵੇਸ਼ ਕੀਤਾ ਗਿਆ। ਇਸ ਵਿੱਚ ਕਈ ਨਾਮਵਰ ਉਦਯੋਗਪਤੀਆਂ ਨੇ ਸ਼ਮੂਲੀਅਤ ਕੀਤੀ। ਕਰੋੜਾਂ ਦੇ ਨਿਵੇਸ਼ ਦੇ ਦਾਅਵੇ ਕੀਤੇ ਗਏ ਪਰ ਉਸ ਨਿਵੇਸ਼ ਦੀਆਂ ਯਾਦਾਂ ਦੇ ਨਾਂ ‘ਤੇ ਸਿਰਫ਼ ਖਜੂਰ ਦੇ ਦਰਖ਼ਤ ਹੀ ਰਹਿ ਗਏ ਹਨ।